ਪੱਤਰ ਪ੍ਰੇਰਕ
ਮਾਨਸਾ, 27 ਅਪਰੈਲ
ਸਿਹਤ ਵਿਭਾਗ ਮਾਨਸਾ ਵੱਲੋਂ ਵਿਸ਼ਵ ਮਲੇਰੀਆ ਦਿਵਸ ਅਰਬਨ ਪੀਐਚਸੀ-2 ਮਾਨਸਾ ਵਿਚ ਮਨਾਇਆ ਗਿਆ।
ਮੈਡੀਕਲ ਅਫ਼ਸਰ ਡਾ. ਵਰੁਣ ਮਿੱਤਲ ਨੇ ਕਿਹਾ ਕਿ ਗਰਮੀ ਵਧਣ ਤੇ ਮੀਂਹ ਪੈਣ ਕਾਰਨ ਮੱਛਰ ਦਾ ਕਹਿਰ ਵਧ ਜਾਂਦਾ ਹੈ। ਗੁਰਜੰਟ ਸਿੰਘ ਏਐਮਓ ਨੇ ਕਿਹਾ ਕਿ ਮਲੇਰੀਏ ਦੇ ਮੁੱਖ ਲੱਛਣ ਅਚਾਨਕ ਠੰਢ ਅਤੇ ਕਾਂਬੇ ਨਾਲ ਤੇਜ਼ ਬੁਖਾਰ ਅਤੇ ਸਿਰ ਦਰਦ ਹੋਣਾ, ਬੁਖਾਰ ਦੇ ਨਾਲ ਥਕਾਵਟ ਤੇ ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਹਨ। ਰਾਮ ਕੁਮਾਰ ਸੈਨੇਟਰੀ ਇੰਸਪੈਕਟਰ ਨੇ ਕਿਹਾ ਕਿ ਘਰਾਂ ਦੇ ਆਲੇ-ਦੁਆਲੇ ਟੋਇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ।
ਜ਼ੀਰਾ (ਪੱਤਰ ਪ੍ਰੇਰਕ): ਵਿਸ਼ਵ ਮਲੇਰੀਆ ਦਿਵਸ ਮੌਕੇ ਪੀਐੱਚਸੀ ਕੱਸੋਆਣਾ ਅਧੀਨ ਆਉਂਦੇ ਸਿਹਤ ਕੇਂਦਰਾਂ ਤੇ ਪਿੰਡਾਂ ਵਿੱਚ ਸਿਹਤ ਵਰਕਰਾਂ ਵੱਲੋਂ ਜਾਗਰੂਕਤਾ ਕੈਂਪ ਲਗਾਏ ਗਏ। ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਕਾਰ ਸਿੰਘ ਤੇ ਬਲਾਕ ਐਜੂਕੇਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਸਪਤਾਲਾਂ ਵਿੱਚ ਬੁਖਾਰ ਵਾਲੇ ਮਰੀਜ਼ਾਂ ਦਾ ਮਲੇਰੀਆ ਟੈਸਟ ਕੀਤਾ ਜਾਂਦਾ ਹੈ ਤੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਘਰਾਂ ਨੇੜੇ ਪਾਣੀ ਨਾ ਖੜਾ ਹੋਣ ਦਿਓ। ਉਨ੍ਹਾਂ ਕਿਹਾ ਕਿ ਇਸ ਬੁਖਾਰ ਦੇ ਲੱਛਣ ਠੰਢ ਲੱਗ ਕੇ ਬੁਖਾਰ ਹੋਣਾ, ਸਿਰ ਦਰਦ ਤੇ ਥਕਾਵਟ ਆਦਿ ਹਨ।