ਪਵਨ ਗੋਇਲ
ਭੁੱਚੋ ਮੰਡੀ, 25 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਬੈਸਟ ਪ੍ਰਾਈਸ ਮਾਲ ਅੱਗੇ ਚੱਲ ਰਹੇ ਅੱਜ ਦੇ ਮੋਰਚੇ ਦੀ ਕਾਰਵਾਈ ਸੰਭਾਲਦਿਆਂ ਕਿਸਾਨ ਔਰਤਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਇਸ ਮੌਕੇ ਉਨ੍ਹਾਂ ਇਨਕਲਾਬੀ ਬੋਲੀਆਂ ਰਾਹੀਂ ਸਰਕਾਰਾਂ ਦੀਆਂ ‘ਪਾੜੋ ਤੇ ਰਾਜ ਕਰੋ’ ਦੀਆਂ ਗੈਰਜਮਹੂਰੀ ਨੀਤੀਆਂ ਦਾ ਡਟ ਕੇ ਟਾਕਰਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਬੀਬੀ ਗੁਰਦੀਪ ਕੌਰ ਪੂਹਲਾ, ਬਲਵਿੰਦਰ ਕੌਰ ਭੁੱਚੋ ਖੁਰਦ ਤੇ ਕੁਲਦੀਪ ਕੌਰ ਚੱਕ ਬਖਤੂ ਨੇ ਕਿਹਾ ਕਿ ਉਹ ਖੇਤੀ ਕਾਨੂੰਨ ਰੱਦ ਹੋਣ ਤੱਕ ਸਾਰੇ ਤਿਉਹਾਰ ਸੜਕਾਂ ’ਤੇ ਹੀ ਮਨਾਉਣਗੀਆਂ। ਮੰਚ ਸੰਚਾਲਨ ਮਨਪ੍ਰੀਤ ਕੌਰ ਚੱਕ ਫਤਿਹ ਸਿੰਘ ਵਾਲਾ ਨੇ ਕੀਤਾ।
ਅੱਜ ਦੇ ਮੋਰਚੇ ਵਿੱਚ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਠੇਕਾ ਮੁਲਾਜ਼ਮਾਂ ਨੇ ਪਰਿਵਾਰਾਂ ਸਮੇਤ ਵੱਡੀ ਸ਼ਮੂਲੀਅਤ ਕੀਤੀ। ਉਨ੍ਹਾਂ ਕੌਮੀ ਮਾਰਗ ’ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ, ਬੀਬੀ ਪਰਮਜੀਤ ਕੌਰ ਅਤੇ ਬਾਦਲ ਸਿੰਘ ਭੁੱਲਰ ਨੇ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੀ ਰੱਜ ਕੇ ਪੋਲ ਖੋਲ੍ਹੀ।