ਜੋਗਿੰਦਰ ਸਿੰਘ ਮਾਨ
ਮਾਨਸਾ, 20 ਫਰਵਰੀ
ਪੰਜਾਬ ਵਿੱਚ ਲੁਧਿਆਣਾ-ਜਲੰਧਰ ਤੋਂ ਬਾਅਦ ਹੁਣ ਮਾਨਸਾ ਵਰਗੇ ਪੱਛੜੇ ਖੇਤਰ ’ਚ ਪਰਵਾਸੀ ਮਜ਼ਦੂਰਾਂ ਨੇ ਆਪਣੇ ਪੈਰ ਅਜਮਾਉਣੇ ਆਰੰਭ ਕਰ ਦਿੱਤੇ ਹਨ। ਇਸ ਖੇਤਰ ’ਚ ਬਹੁਤ ਸਾਰੇ ਪਰਵਾਸੀ ਮਜ਼ਦੂਰਾਂ ਵੱਲੋਂ ਆਪਣੀ ਵੋਟ ਦੀ ਵਰਤੋਂ ਕਰਨ ਦੇ ਦਿਲਚਸਪ ਮਾਮਲੇ ਸਾਹਮਣੇ ਆਏ ਹਨ। ਇਹ ਪਰਵਾਸੀ ਮਜ਼ਦੂਰ ਇਸ ਜ਼ਿਲ੍ਹੇ ’ਚ ਮਜ਼ਦੂਰੀ ਕਰਨ ਆਏ ਹੋਏ ਹਨ ਤੇ ਇਨ੍ਹਾਂ ਵੱਲੋਂ ਇਥੇ ਆਪਣੇ ਨਿੱਕੇ-ਨਿੱਕੇ ਕਾਰੋਬਾਰ ਤੋਰੇ ਹੋਏ ਹਨ। ਅੱਜ ਸ਼ਹਿਰ ਦੇ ਅਨੇਕਾਂ ਹਿੱਸਿਆਂ ’ਚ ਇਨ੍ਹਾਂ ਨੂੰ ਵੋਟਾਂ ’ਚ ਭਾਗ ਲੈਂਦਿਆਂ ਵੇਖਿਆ ਤੇ ਇਨ੍ਹਾਂ ਮਜ਼ਦੂਰਾਂ ਦੀਆਂ ਪਤਨੀਆਂ ਦੀਆਂ ਵੋਟਾਂ ਵੀ ਇਥੇ ਬਣਾ ਰੱਖੀਆਂ ਹਨ। ਇਹ ਸ਼ਹਿਰ ’ਚ ਅਖਬਾਰਾਂ ਦੀ ਰੱਦੀ ਤੇ ਖਾਲੀ ਬੋਤਲਾਂ ਖਰੀਦਣ, ਸਬਜ਼ੀ ਵੇਚਣ, ਘਰਾਂ ’ਚ ਪੱਥਰ ਲਾਉਣ, ਫਾਸਟ ਫੂਡ ਦੀਆਂ ਰੇਹੜੀਆਂ ਲਾਉਣ ਤੋਂ ਇਲਾਵਾ ਇਥੇ ਨਿੱਕੀਆਂ-ਮੋਟੀਆਂ ਇੰਡਸਟਰੀਆਂ ’ਚ ਕੰਮ ਕਰਦੇ ਹਨ। ਇਨ੍ਹਾਂ ਆਪਣੀਆਂ ਵੋਟਾਂ ਇਸ ਸ਼ਹਿਰ ’ਚ ਬਣਵਾ ਲਈਆਂ ਹਨ ਤੇ ਇਨ੍ਹਾਂ ਅੱਜ ਬਣੀਆਂ ਹੋਈਆਂ ਵੋਟਾਂ ਦੀ ਵਰਤੋਂ ਕਰਕੇ ਰਾਜ ਦੇ ਲੋਕਤੰਤਰ ’ਚ ਆਪਣਾ ਯੋਗਦਾਨ ਪਾਇਆ ਹੈ। ਇਨ੍ਹਾਂ ਪਰਵਾਸੀ ਮਜ਼ਦੂਰਾਂ ਵੱਲੋਂ ਇਥੇ ਗਾਂਧੀ ਸਕੂਲ, ਗੁਰੂ ਰਵਿਦਾਸ ਧਰਮਸ਼ਾਲਾ, ਜਵਾਹਰਕੇ ਰੋਡ, ਰਮਦਿੱਤੇ ਵਾਲਾ ਚੌਕ, ਖਾਲਸਾ ਸਕੂਲ ’ਚ ਵੋਟਾਂ ਦੀ ਵਰਤੋਂ ਕੀਤੀ ਗਈ। ਗਾਂਧੀ ਸਕੂਲ ’ਚ ਵੋਟ ਪਾਉਣ ਵਾਲੇ ਇਕ ਪਰਵਾਸੀ ਮਜ਼ਦੂਰ ਦਿਆ ਰਾਮ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਸ ਸ਼ਹਿਰ ’ਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ ਤੇ ਉਸ ਵੱਲੋਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਪੰਜਾਬੀ ਪੜ੍ਹਾਉਣੀ ਵੀ ਆਰੰਭ ਕੀਤੀ ਹੋਈ ਹੈ, ਜਦੋਂਕਿ ਉਸ ਦੇ ਬੱਚੇ ਬਕਾਇਦਾ ਪੰਜਾਬੀ ਲਿਖਣੀ ਤੇ ਬੋਲਣੀ ਸਿੱਖ ਗਏ ਹਨ। ਇਕ ਹੋਰ ਪਰਵਾਸੀ ਅਰਜੁਨ ਚੰਦ ਯਾਦਵ ਦਾ ਕਹਿਣਾ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਰਾਹੀਂ ਇਥੇ ਆਇਆ ਸੀ ਤੇ ਹੁਣ ਯੂ.ਪੀ. ਵਿੱਚੋਂ ਵੋਟਾਂ ਕਟਾ ਕੇ ਇਥੇ ਹੀ ਵੋਟਾਂ ਬਣਵਾ ਲਈਆਂ ਹਨ। ਉਸ ਦਾ ਕਹਿਣਾ ਹੈ ਕਿ ਇਸ ਸ਼ਹਿਰ ’ਚ ਉਨ੍ਹਾਂ ਦੀ ਪੰਜ ਹਜ਼ਾਰ ਤੋਂ ਵੱਧ ਹੈ, ਜਿਨ੍ਹਾਂ ਦੀਆਂ ਵੋਟਾਂ ਬਣੀਆਂ ਹੋਈਆਂ ਹਨ ਤੇ ਉਨ੍ਹਾਂ ਵੱਲੋਂ ਇਥੇ ਆਪਣੇ ਮੰਗਾਂ-ਮਸਲਿਆਂ ਲਈ ਬਕਾਇਦਾ ਜਥੇਬੰਦੀਆਂ ਵੀ ਕਾਇਮ ਕੀਤੀਆਂ ਹੋਈਆਂ ਹਨ।
ਅਜਿਹੇ ਪਰਵਾਸੀਆਂ ਵੱਲੋਂ ਭੀਖੀ, ਸਰਦੂਲਗੜ੍ਹ, ਬੋਹਾ, ਬੁਢਲਾਡਾ, ਬਰੇਟਾ, ਝੁਨੀਰ, ਜੋਗਾ ’ਚ ਵੋਟਾਂ ਬਣਵਾਈਆਂ ਹੋਈਆਂ ਹਨ ਤੇ ਇਹ ਵੋਟਾਂ ਉਨ੍ਹਾਂ ਪੰਜਾਬੀ ਵਿਅਕਤੀਆਂ ਵੱਲੋਂ ਅੱਗੇ ਲੱਗਕੇ ਬਣਵਾਈਆਂ ਹਨ, ਜਿਨ੍ਹਾਂ ਕੋਲ ਇਹ ਕੰਮ ਕਰਨ ਲਈ ਟਿਕੇ ਹੋਏ ਹਨ ਤੇ ਉਨ੍ਹਾਂ ਵੱਲੋਂ ਹੀ ਇਨ੍ਹਾਂ ਪਰਵਾਸੀਆਂ ਦੀਆਂ ਵੋਟਾਂ ਨੂੰ ਸਿਆਸੀ ਧਿਰਾਂ ਲਈ ਵਰਤਿਆ ਜਾਂਦਾ ਹੈ।