ਪੱਤਰ ਪ੍ਰੇਰਕ
ਤਪਾ ਮੰਡੀ, 26 ਅਕਤੂਬਰ
ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਪਿਆਰਾ ਲਾਲ ਬਸਤੀ ਵਿਖੇ ਮੀਟਿੰਗ ਹੋਈ। ਇਸ ਵਿੱਚ ਉਸਾਰੀ ਤੇ ਰੇਹੜੀ ਯੂਨੀਅਨ ਦੇ ਵਰਕਰਾਂ ਨੇ ਵੀ ਭਾਗ ਲਿਆ। ਹਰਬੰਸ ਸਿੰਘ ਨੇ ਕਿਹਾ ਕਿ ਦਿਹਾੜੀ ਵਧਾਉਣ ਸਮੇਤ ਮਜ਼ਦੂਰਾਂ ਦੀਆਂ ਕਈ ਮੰਗਾਂ ਪੰਜਾਬ ਸਰਕਾਰ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਲੰਬੇ ਸਮੇਂ ਤੋਂ ਲੰਬਿਤ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ ਸੱਤਾ ਵਿੱਚ ਆਉਣ ਮਗਰੋਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ ਸੀ। ਹੁਣ ਸੱਤ ਮਹੀਨੇ ਬੀਤੇ ਜਾਣ ਦੇ ਬਾਵਜੂਦ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ।
ਮਜ਼ਦੂਰ ਆਗੂ ਕਾਮਰੇਡ ਨਾਨਕ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਨੇ ਵੱਡੀ ਆਸ ਨਾਲ ‘ਆਪ’ ਨੂੰ ਜਿਤਾਇਆ ਸੀ, ਪਰ ਉਸ ਨੇ ਸਭ ਤੋਂ ਵੱਡੀ ਵਾਅਦਾਖ਼ਿਲਾਫ਼ੀ ਮਜ਼ਦੂਰਾਂ ਨਾਲ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਮਜ਼ਦੂਰ ਪੱਖੀ ਕੋਈ ਵੀ ਫ਼ੈਸਲਾ ਨਹੀਂ ਲਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਸਰਕਾਰ ਨੂੰ ਮਜ਼ਦੂਰ ਮੰਗਾਂ ਮੰਨਣ ਲਈ ਮਜ਼ਬੂਰ ਕਰ ਦੇਵਾਂਗੇ। ਇਸ ਮੌਕੇ ਜੱਗਾ ਸਿੰਘ ਘੁੰਨਸ, ਬਿੱਟੂ ਸਿੰਘ ਘੁੰਨਸ, ਜਥੇਦਾਰ ਸਤਪਾਲ ਸਿੰਘ, ਹਾਕਮ ਸਿੰਘ, ਕ੍ਰਿਸ਼ਨ ਸਿੰਘ ਅਤੇ ਹੈਪੀ ਸਿੰਘ ਹਾਜ਼ਰ ਸਨ।