ਪੱਤਰ ਪ੍ਰੇਰਕ
ਮਹਿਲ ਕਲਾਂ, 28 ਅਪਰੈਲ
ਬਰਸਾਤੀ ਮੌਸਮ ਤੋਂ ਪਹਿਲਾਂ ਡਰੇਨ ਦੀ ਸਫਾਈ ਮਗਨਰੇਗਾ ਮਜ਼ਦੂਰਾਂ ਤੋਂ ਕਰਵਾਉਣ ਦੀ ਬਜਾਏ ਜੇਸੀਬੀ ਮਸ਼ੀਨਾਂ ਰਾਹੀਂ ਕਰਵਾਉਣ ਦੀ ਸਰਕਾਰ ਤੇ ਪ੍ਰਸ਼ਾਸਨ ਦੀ ਤਜਵੀਜ਼ ਖ਼ਿਲਾਫ਼ ਡਰੇਨ ਨੇੜਲੇ ਪਿੰਡਾਂ ਦੇ ਮਜ਼ਦੂਰਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਅੱਜ ਪਿੰਡ ਕੁਰੜ ਵਿੱਚ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਮਗਨਰੇਗਾ ਮਜ਼ਦੂਰਾਂ ਵੱਲੋਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਰਕਾਰ ਦੀ ਅਰਥੀ ਫੂਕ ਕੇ ਰੋਸ ਜਾਹਿਰ ਕੀਤਾ ਗਿਆ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਫੰਡਾਂ ਵਿੱਚ ਕਟੌਤੀਆਂ ਕਰਕੇ ਮਗਨਰੇਗਾ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਸੂਬਾ ਸਰਕਾਰ ਤੇ ਇਸਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਮਗਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਤੋਂ ਟਾਲਾ ਵੱਟਦੇ ਹਨ। ਉਨ੍ਹਾਂ ਕਿਹਾ ਕਿ ਅੱਜ ਮਸ਼ੀਨੀਕਰਨ ਦੇ ਯੁੱਗ ਵਿੱਚ ਮਜ਼ਦੂਰਾਂ ਨੂੰ ਕਿਸੇ ਵੀ ਖੇਤਰ ਵਿੱਚ ਰੁਜ਼ਗਾਰ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ/ਡਰੇਨ ਵਿਭਾਗ ਵੱਲੋਂ ਪਿੰਡ ਕੁਰੜ ਕੋਲੋਂ ਲੰਘਦੀ ਡਰੇਨ ਦੀ ਸਫਾਈ ਦਾ ਕੰਮ ਜੇਸੀਬੀ ਮਸ਼ੀਨਾਂ ਨਾਲ ਕਰਵਾਉਣ ਲਈ ਐਸਟੀਮੇਟ ਪਾਸ ਕਰਵਾ ਲਿਆ ਹੈ ਤੇ ਸਰਕਾਰ ਦੀ ਇਸ ਤਜ਼ਵੀਜ ਦਾ ਮਜ਼ਦੂਰ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਸਾਂਝੇ ਕੰਮ ਮਸ਼ੀਨਾ ਦੀ ਬਜਾਏ ਮਜ਼ਦੂਰਾਂ ਤੋਂ ਕਰਵਾਉਣੇ ਚਾਹੀਦੇ ਹਨ।