ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 26 ਅਗਸਤ
ਪਿੰਡ ਤਿਉਣਾ ਦੇ ਗ਼ਰੀਬ ਮਜ਼ਦੂਰ ਪਰਿਵਾਰਾਂ ਨੂੰ ਲੱਖਾਂ ਰੁਪਏ ਦੇ ਬਿਜਲੀ ਦੇ ਬਿੱਲ ਭੇਜਣ ਤੋਂ ਬਾਅਦ ਪਾਵਰਕੌਮ ਵਿਭਾਗ ਵੱਲੋਂ ਬਿੱਲ ਨਾ ਭਰਨ ਦੀ ਸੂਰਤ ਵਿੱਚ ਦਰਜਨਾਂ ਘਰਾਂ ਦੇ ਬਿਜਲੀ ਦੇ ਮੀਟਰ ਪੁੱਟ ਦਿੱਤੇ ਹਨ ਜਿਸ ਤੋਂ ਬਾਅਦ ਮਜ਼ਦੂਰ ਪਰਿਵਾਰਾਂ ਵਿੱਚ ਭਾਰੀ ਰੋਸ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਮੁਫ਼ਤ ਬਿਜਲੀ ਦੀ ਸਹੂਲਤ ਕੱਟ ਕੇ ਲੱਖਾਂ ਰੁਪਏ ਦੇ ਬਿੱਲ ਭੇਜਕੇ ਬਿੱਲ ਨਾ ਭਰ ਸਕਣ ਤੋਂ ਬਾਅਦ ਉਨ੍ਹਾਂ ਦੇ ਘਰਾਂ ਦੇ ਮੀਟਰ ਪੁੱਟ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇੰਨੇ ਜ਼ਿਆਦਾ ਬਿੱਲ ਆ ਗਏ ਹਨ ਕਿ ਉਹ ਆਪਣੇ ਘਰ ਵੇਚ ਕੇ ਵੀ ਬਿੱਲ ਨਹੀਂ ਭਰ ਸਕਦੇ। ਉਨ੍ਹਾਂ ਦੱਸਿਆ ਕਿ ਮਜ਼ਦੂਰ ਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਨੂੰ 3 ਲੱਖ 43 ਹਜ਼ਾਰ 550 ਰੁਪਏ, ਗਿਆਨ ਸਿੰਘ ਪੁੱਤਰ ਧੰਨਾ ਸਿੰਘ ਨੂੰ 1 ਲੱਖ ਰੁਪਏ, ਬਲੌਰ ਸਿੰਘ ਨੂੰ 70 ਹਜ਼ਾਰ ਰੁਪਏ, ਬਲਵਿੰਦਰ ਸਿੰਘ ਨੂੰ 72 ਹਜ਼ਾਰ ਰੁਪਏ,ਦਰਸ਼ਨ ਸਿੰਘ ਪੁੱਤਰ ਜੰਗੀਰ ਸਿੰਘ ਨੂੰ 53 ਹਜ਼ਾਰ ਰੁਪਏ, ਸਿਮਰ ਕੌਰ ਨੂੰ 54 ਹਜ਼ਾਰ ਰੁਪਏ, ਨਾਹਰ ਸਿੰਘ ਪੁੱਤਰ ਜੰਗੀਰ ਸਿੰਘ 1 ਲੱਖ 15 ਹਜ਼ਾਰ ਰੁਪਏ ਅਤੇ ਇਸ ਤੋਂ ਇਲਾਵਾ ਹੋਰ ਦਰਜਨਾਂ ਪਰਿਵਾਰਾਂ ਨੂੰ ਹਜ਼ਾਰਾਂ ਰੁਪਏ ਦੇ ਬਿੱਲ ਆਏ ਹਨ। ਇਸ ਮੌਕੇ ਮਜ਼ਦੂਰਾਂ ਨੇ ਸਰਕਾਰ ‘ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਆਟਾ-ਦਾਲ ਸਕੀਮ ਦੇ ਕਾਰਡ ਵੀ ਕੱਟ ਦਿੱਤੇ ਗਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਜਾਰੀ ਰੱਖੀ ਜਾਵੇ ਅਤੇ ਉਨ੍ਹਾਂ ਦੇ ਬਿੱਲ ਖਾਰਜ ਕਰ ਕੇ ਮੀਟਰ ਲਾਏ ਜਾਣ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਮੀਟਰ ਨਾ ਲਾਏ ਗਏ ਤਾਂ ਵੱਡੇ ਪੱਤਰ ‘ਤੇ ਸੰਘਰਸ਼ ਵਿੱਢੇ ਜਾਣਗੇ। ਇਸ ਮੌਕੇ ਬਲਜੀਤ ਕੌਰ, ਸਿਮਰ ਕੌਰ, ਕਾਕਾ ਸਿੰਘ ਅਤੇ ਦਰਸ਼ਨ ਸਿੰਘ ਤੋਂ ਇਲਾਵਾ ਹੋਰ ਕਈ ਵਿਅਕਤੀ ਹਾਜ਼ਰ ਸਨ।