ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 18 ਜਨਵਰੀ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਮਗਰੋਂ ‘ਆਪ’ ਵਰਕਰਾਂ ’ਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਮੰਡੀ ਬਰੀਵਾਲਾ ਵਿੱਚ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਖਾਲਸਾ ਅਤੇ ਜਸਵਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਹਲਕਾ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ’ ਵੱਲੋਂ ਲੱਡੂ ਵੰਡ ਕੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ਅੱਜ ਵਰਕਰਾਂ ਦਾ ਹੌਸਲਾ ਹੋਰ ਵੀ ਦੁੱਗਣਾ ਹੋ ਗਿਆ। ਇਸੇ ਤਰ੍ਹਾਂ ਮੰਡੀ ਬਰੀਵਾਲਾ ਵਿੱਚ ਲੱਡੂ ਵੰਡ ਅਤੇ ਪਟਾਕੇ ਚਲਾਕੇ ਜਸ਼ਨ ਮਨਾਇਆ ਗਿਆ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਚੋਣਾਂ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨੇ ਜਾਣ ਦੀ ਖੁਸ਼ੀ ਵਿੱਚ ਅੱਜ ਭੁੱਚੋ ਸ਼ਹਿਰ ਵਿੱਚ ਸਰਕਲ ਪ੍ਰਧਾਨ ਲਖਵੀਰ ਸਿੰਘ ਰੰਗੀਲਾ ਦੀ ਅਗਵਾਈ ਵਿੱਚ ਵਰਕਰਾਂ ਨੇ ਪਟਾਕੇ ਚਲਾਏ ਅਤੇ ਲੱਡੂ ਵੰਡੇ। ਉਨ੍ਹਾਂ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਪਾਰਟੀ ਦੇ ਹੱਕ ਵਿੱਚ ਜੋਸ਼ੀਲੇ ਨਾਅਰੇ ਲਗਾਏ।
ਝੁਨੀਰ (ਪੱਤਰ ਪ੍ਰੇਰਕ): ਪਿੰਡ ਭੰਮੇ ਖੁਰਦ ਵਿੱਚ ਡਾ. ਗੁਰਮੇਲ ਸਿੰਘ, ਕਸ਼ਮੀਰ ਸਿੰਘ, ਸਾਬਕਾ ਸਰਪੰਚ ਜਸਪਾਲ ਸਿੰਘ, ਸਰਬਜੀਤ ਸਿੰਘ, ਬੱਬੂ ਸਿੰਘ ਆਦਿ ਦੀ ਅਗਵਾਈ ਵਿੱਚ ਪਿੰਡ ਦੀ ਧਰਮਸ਼ਾਲਾ ਬਦਾਣਾ ਵੰਡਿਆ ਗਿਆ।
ਸਾਦਿਕ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਦਿਆਂ ਹੀ ਸਮਰਥਕ ਬਾਗੋਬਾਗ ਹੋ ਗਏ ਹਨ। ਇਥੇ ਯੂਥ ਆਗੂ ਗਗਨਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਇਕੱਠੇ ਹੋਏ ਵਰਕਰਾਂ ਵੱਲੋਂ ਖੁਸ਼ੀ ਵਿੱਚ ਲੱਡੂ ਵੰਡੇ ਗਏ।
ਬਲਜਿੰਦਰ ਕੌਰ ਵੱਲੋਂ ਮਾਨ ਨੂੰ ਵਧਾਈ
ਤਲਵੰਡੀ ਸਾਬੋ (ਪੱਤਰ ਪ੍ਰੇਰਕ): ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ’ਤੇ ‘ਆਪ’ ਦੀ ਕੌਮੀ ਆਗੂ ਤੇ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਵਿਧਾਇਕਾ ਨੇ ਜਿੱਥੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਤੇ ਕੇਜਰੀਵਾਲ ਦਾ ਧੰਨਵਾਦ ਕੀਤਾ, ਉੱਥੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਪਟਾਕੇ ਚਲਾ ਕੇ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।