ਸੱਤ ਪ੍ਰਕਾਸ਼ ਸਿੰਗਲਾ
ਬਰੇਟਾ, 3 ਜਨਵਰੀ
ਇੱਥੇ 35 ਕਰੋੜ ਰੁਪਏ ਦੀ ਲਾਗਤ ਨਾਲ ਬਰੇਟਾ ਰੇਲਵੇ ਫਾਟਕ ਉਪਰ ਬਣਨ ਵਾਲੇ ਪੁਲ ਦਾ ਕੰਮ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ ਨੇ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਪੁਲ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਦੀ ਮੰਗ ਪੂਰੀ ਹੋਵੇਗੀ। ਸ੍ਰੀ ਸਿੰਗਲਾ ਨੇ ਦੱਸਿਆ ਕਿ ਇਸ ਪੁਲ ਦਾ ਕਾਰਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ’ਚ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਜਨਵਰੀ 2021 ’ਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਬਰੇਟਾ ਫੇਰੀ ਦੌਰਾਨ ਉਨ੍ਹਾਂ ਇਹ ਓਵਰਬਰਿੱਜ ਬਣਾਉਣ ਦਾ ਵਾਅਦਾ ਕੀਤਾ ਸੀ, ਜਿਸ ਲਈ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਇਸ ਕਾਰਜ ਲਈ 35 ਕਰੋੜ ਰੁਪਏ ਦਿਵਾਏ। ਉਨ੍ਹਾਂ ਦੱਸਿਆ ਕਿ 1.8 ਕਿਲੋਮੀਟਰ ਲੰਬਾ ਇਹ ਪੁਲ ਡੇਢ ਸਾਲ ’ਚ ਪੂਰਾ ਹੋਵੇਗਾ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਗਿਆਨ ਚੰਦ ਸਿੰਗਲਾ, ਜ਼ਿਲ੍ਹਾ ਪਰਿਸ਼ਦ ਮੈਂਬਰ ਥਾਣਾ ਸਿੰਘ , ਕੌਂਸਲਰ ਓਮ ਪ੍ਰਕਾਸ਼, ਪ੍ਰਕਾਸ਼ ਚੰਦ, ਪ੍ਰਵੀਨ ਬੋਬੀ, ਹੈਪੀ ਅਗਰਵਾਲ, ਰਾਮਲਾਜ ਆਦਿ ਹਾਜ਼ਰ ਸਨ|