ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਜੂਨ
ਇਸ ਵਾਰ ਪ੍ਰਸ਼ਾਸਨ ਨੇ ਮੌਨਸੂਨ ਮੌਸਮ ’ਚ ਹੜ੍ਹ ਰੋਕਥਾਮ ਲਈ ਸਤਲੁਜ ਦਰਿਆ ਬੰਨ੍ਹ ਮਜ਼ਬੂਤੀ ਦਾ ਕੰਮ ਜੰਗੀ ਪੱਧਰ ਉੱਤੇ ਸ਼ੁਰੂ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਸਤਲੁਜ ਕਿਨਾਰੇ ਸਥਿਤ ਸਾਰੇ ਬੰਨ੍ਹਾਂ ਦੀ ਮੁਰੰਮਤ, ਨਹਿਰਾਂ ਦੀ ਸਫ਼ਾਈ, ਸਟੱਡਾਂ ਲਗਾਉਣ ਸਮੇਤ ਹਰ ਤਰ੍ਹਾਂ ਦੇ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਕੰਮ ਸ਼ੁਰੂ ਕਰਵਾਉਣ ਦੀ ਹਦਾਇਤ ਕੀਤੀ ਅਤੇ ਹੋਰਾਂ ਥਾਵਾਂ ’ਤੇ ਵੀ ਨਿਰੀਖਣ ਕਰਨ ਤੋਂ ਬਾਅਦ ਬੰਨ੍ਹਾਂ ਦੀ ਮਜ਼ਬੂਤੀ ਅਤੇ ਸਟੱਡਾਂ ਲਗਵਾਉਣ ਦਾ ਕੰਮ ਕਰਨ ਲਈ ਨਿਰਦੇਸ਼ ਦਿੱਤੇ ਹਨ।
ਰਮਕੋਟ ਐੱਸਡੀਐੱਮ ਰਾਮ ਸਿੰਘ ਅਤੇ ਤਹਿਸੀਲਦਾਰ ਮਨਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਸਤਲੁਜ ਦਰਿਆ ਵਿਚ ਪਾਣੀ ਵਧਣ ਕਾਰਨ ਹੜ੍ਹਾਂ ਦੀ ਸਥਿਤੀ ਦਾ ਖ਼ਤਰਾ ਬਣਿਆ ਹੈ। ਇਸ ਵਾਰ ਪ੍ਰਸ਼ਾਸਨ ਨੇ ਪਹਿਲਾਂ ਹੀ ਪ੍ਰਬੰਧ ਸ਼ੁਰੂ ਕਰਦਿਆਂ ਪਿੰਡ ਭੈਣੀ, ਸੈਦ ਜਲਾਲਪੁਰ, ਚੱਕ ਬਾਹਮਣੀਆਂ ਵਿੱਚ ਰੇਤਾ ਦੀਆਂ ਬੋਰੀਆਂ ਅਤੇ ਪੱਥਰਾਂ ਦਾ ਨੋਚ ਲਗਾਉਣ ਦਾ ਪ੍ਰਬੰਧ ਕੀਤਾ ਗਿਆ ਹੈ।