ਪੱਤਰ ਪ੍ਰੇਰਕ
ਮਾਨਸਾ, 26 ਦਸੰਬਰ
ਨਗਰ ਕੌਸਲ ਮਾਨਸਾ ਦੀ ਪ੍ਰਧਾਨ ਜਸਵੀਰ ਕੌਰ ਵੱਲੋਂ ਸ਼ਹਿਰ ਦੀਆਂ ਗਲੀਆਂ ਅਤੇ ਨਾਲੀਆਂ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਕੀਤੀ ਜਾ ਰਹੀ ਸ਼ੁਰੂਆਤ ਤਹਿਤ ਅੱਜ ਇਥੇ ਮਧੇ ਮੋਗੇ ਵਾਲੀ ਗਲੀ ਦਾ ਉਦਘਾਟਨ ਕੀਤਾ ਗਿਆ। ਇਹ ਸ਼ੁਰੂਆਤ ਸਟੇਟ ਬੈਂਕ ਆਫ ਇੰਡੀਆ ਦੇ ਸੇਵਾ ਮੁਕਤ ਮੈਨੇਜਰ ਗੁਰਤੇਜ ਸਿੰਘ ਜਗਰੀ ਨੇ ਟੱਕ ਲਾ ਕੇ ਕਰਦਿਆਂ ਕਿਹਾ ਕਿ ਲੋਕ ਏਕਤਾ ਨਾਲ ਸ਼ਹਿਰਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ, ਜਿਸ ਕਰਕੇ ਮਾਨਸਾ ਵਰਗੇ ਖੇਤਰ ਦਾ ਪਛੜਾਪਣ ਦੂਰ ਕਰਨ ਲਈ ਸਾਰਿਆਂ ਨੂੰ ਸਿਆਸੀ ਪੱਧਰ ਤੋਂ ਉੱਪਰ ਉੱਠ ਕੇ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ। ਨਗਰ ਕੌਸਲ ਦੇ ਪ੍ਰਧਾਨ ਜਸਵੀਰ ਕੌਰ ਨੇ ਕਿਹਾ ਕਿ ਸ਼ਹਿਰ ਦੀ ਹਰ ਕੱਚੀ ਗਲੀ ਨੂੰ ਪੱਕੀ ਬਣਾਇਆ ਜਾਵੇਗਾ ਅਤੇ ਨਾਲੀਆਂ ਅੰਡਰਗਰਾਊਂਡ ਕਰਕੇ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕੀਤਾ ਜਾਵੇਗਾ। ਇਸ ਮੌਕੇ ਰਾਮਪਾਲ ਸਿੰਘ,ਰਿੰਪਲ ਰਾਣੀ,ਦਵਿੰਦਰ ਜਿੰਦਲ,ਕ ੁਲਵਿੰਦਰ ਕੌਰ, ਅਮਨਦੀਪ ਸਿੰਘ, ਪਵਨ ਕੁਮਾਰ, ਕ੍ਰਿਸ਼ਨਾ ਦੇਵੀ, ਕੌਂਸਲਰ ਕੰਚਨ ਸੇਠੀ, ਸਿਮਰਨਜੀਤ ਕੌਰ, ਨੇਮ ਚੰਦ ਨੇਮਾ, ਕਮਲੇਸ਼ ਰਾਣੀ, ਜਸਪਾਲ ਬਰਾੜ ਵੀ ਹਾਜ਼ਰ ਸਨ।