ਸੰਜੀਵ ਹਾਂਡਾ
ਫ਼ਿਰੋਜ਼ਪੁਰ, 10 ਮਾਰਚ
ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਚਾਰੋਂ ਵਿਧਾਨ ਸਭਾ ਸੀਟਾਂ ਤੇ ਅੱਜ ‘ਆਪ’ ਦੇ ਉਮੀਦਵਾਰਾਂ ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਸਭ ਤੋਂ ਵੱਧ 27746 ਵੋਟਾਂ ਦੀ ਲੀਡ ਨਾਲ ਦਿਹਾਤੀ ਹਲਕੇ ਤੋਂ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਜੇਤੂ ਰਹੇ। ਉਨ੍ਹਾਂ ਨੂੰ ਕੁੱਲ 75293 ਵੋਟਾਂ ਪਈਆਂ। ਉਨ੍ਹਾਂ ਦੇ ਮੁਕਾਬਲੇ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੂੰ 47547 ਵੋਟਾਂ ਤੇ ਤੀਜੇ ਨੰਬਰ ’ਤੇ ਕਾਂਗਰਸ ਦੇ ਉਮੀਦਵਾਰ ਆਸ਼ੂ ਬੰਗੜ ਨੂੰ 20396 ਵੋਟਾਂ ਪਈਆਂ। ਆਸ਼ੂ ਬੰਗੜ ਪਹਿਲਾਂ ਇਥੋਂ ‘ਆਪ’ ਦੇ ਉਮੀਦਵਾਰ ਐਲਾਨੇ ਗਏ ਸਨ, ਪਰ ਕੁਝ ਦਿਨਾਂ ਮਗਰੋਂ ਉਹ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਸਨ।
ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਤੀਜੀ ਵਾਰ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਵੀ ਇਸ ਵਾਰ ਹਾਰ ਗਏ। ਇਥੋਂ ‘ਆਪ’ ਦੇ ਉਮੀਦਵਾਰ ਰਣਬੀਰ ਸਿੰਘ ਭੁੱਲਰ ਨੇ ਪਰਮਿੰਦਰ ਸਿੰਘ ਪਿੰਕੀ ਨੂੰ 19212 ਵੋਟਾਂ ਨਾਲ ਹਰਾਇਆ। ਰਣਬੀਰ ਸਿੰਘ ਭੁੱਲਰ ਨੂੰ 47997 ਵੋਟਾਂ ਪਈਆਂ ਜਦੋਂਕਿ ਪਰਮਿੰਦਰ ਸਿੰਘ ਪਿੰਕੀ ਨੂੰ 28785 ਵੋਟਾਂ ਪਈਆਂ। ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਇਥੋਂ 24476 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਰੋਹਿਤ ਵੋਹਰਾ ਨੂੰ ਮਹਿਜ਼ 17896 ਵੋਟਾਂ ਪਈਆਂ।
ਜ਼ੀਰਾ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਨੇ ਇਸ ਵਾਰ ਆਪ ਦੀ ਟਿਕਟ ਲੈ ਕੇ 61827 ਵੋਟਾਂ ਹਾਸਲ ਕੀਤੀਆਂ ਤੇ ਆਪਣੇ ਵਿਰੋਧੀਆਂ ਨੂੰ 21918 ਵੋਟਾਂ ਦੇ ਫ਼ਰਕ ਨਾਲ ਮਾਤ ਦੇ ਕੇ ਜੇਤੂ ਰਹੇ। ਇਥੋਂ ਦੂਜੇ ਨੰਬਰ ਤੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੂੰ 39909 ਵੋਟਾਂ ਤੇ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਨੂੰ 39007 ਵੋਟਾਂ ਪਈਆਂ। ਇਥੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਅਵਤਾਰ ਸਿੰਘ ਮਿੰਨਾ ਨੂੰ ਸਿਰਫ਼ 1941 ਵੋਟਾਂ ਤੇ ਹੀ ਸੰਤੋਖ ਕਰਨਾ ਪਿਆ।
ਹਲਕਾ ਗੁਰੂਹਰਸਹਾਏ ’ਚ ਵੀ ‘ਆਪ’ ਦੇ ਉਮੀਦਵਾਰ ਫੌਜਾ ਸਿੰਘ ਸਰਾਰੀ 10574 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਇਸ ਹਲਕੇ ਵਿਚੋਂ ਫੌਜਾ ਸਿੰਘ ਸਰਾਰੀ ਨੂੰ 68343 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਵਰਦੇਵ ਸਿੰਘ ਨੋਨੀ ਮਾਨ ਨੂੰ 57769 ਵੋਟਾਂ ਤੇ ਭਾਜਪਾ ਉਮੀਦਵਾਰ ਗੁਰਪਰਵੇਜ਼ ਸਿੰਘ ਸ਼ੈਲੇ ਸੰਧੂ ਨੂੰ ਸਿਰਫ਼ 3988 ਵੋਟਾਂ ਹੀ ਪਈਆਂ।
ਭੁੱਚੋ ਮੰਡੀ ਤੋਂ ‘ਆਪ’ ਦੇ ਜਗਸੀਰ ਸਿੰਘ ਜੇਤੂ
ਭੁੱਚੋ ਮੰਡੀ (ਪੱਤਰ ਪ੍ਰੇਰਕ) ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਆਪ ਉਮੀਦਵਾਰ ਮਾਸਟਰ ਜਗਸੀਰ ਸਿੰਘ ਨੇ 85778 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਕੋਟ ਫੱਤਾ ਨੂੰ 50212 ਵੋਟਾਂ ਨਾਲ ਹਰਾਇਆ। ਇਸ ਹਲਕੇ ਵਿੱਚ ਕੁੱਲ 149724 ਵੋਟਾਂ ਪੋਲ ਹੋਈਆਂ, ਜਿਸ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਨੇ 35566, ਕਾਂਗਰਸ ਦੇ ਉਮੀਦਵਾਰ ਨੇ 20681, ਭਾਜਪਾ ਦੇ ਰੁਪਿੰਦਰਜੀਤ ਸਿੰਘ ਨੇ 2330, ਆਜ਼ਾਦ ਗੁਰਪ੍ਰੀਤ ਲਹਿਰਾ ਖਾਨਾ ਨੇ 294, ਆਜ਼ਾਦ ਜਗਸੀਰ ਸਿੰਘ ਨੇ 581, ਆਜ਼ਾਦ ਬਲਦੇਵ ਸਿੰਘ ਆਕਲੀਆ ਨੇ 2546 ਅਤੇ ਆਜ਼ਾਦ ਉਮੀਦਵਾਰ ਰੂਪ ਚੰਦ ਨੇ 393 ਹਾਸਲ ਕੀਤੀਆਂ, ਜਦੋਂਕਿ 1555 ਵੋਟਰਾਂ ਨੇ ਨੋਟਾ ਬਟਨ ਦਬਾ ਕੇ ਸਾਰੇ ਉਮੀਦਵਾਰਾਂ ਨੂੰ ਨਾਪਸੰਦ ਸਾਬਤ ਕੀਤਾ।