ਪੱਤਰ ਪ੍ਰੇਰਕ
ਭਾਈਰੂਪਾ, 1 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਇਕਾਈ ਭਾਈਰੂਪਾ ਵੱਲੋਂ ਕਿਸਾਨ ਔਰਤਾਂ ਦਾ ਇੱਕ ਵੱਡਾ ਜੱਥਾ ਦਿੱਲੀ ਮੋਰਚੇ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਹਰਮੇਲ ਸਿੰਘ ਜੱਗੂ ਤੇ ਮਨਜੀਤ ਸਿੰਘ ਮੀਤਾ ਨੇ ਦੱਸਿਆ ਕਿ ਭਾਈਰੂਪਾ ਤੋਂ ਦਿੱਲੀ ਮੋਰਚੇ ਵਿੱਚ ਜਾਣ ਵਾਲਾ ਇਹ 15ਵਾਂ ਜੱਥਾ ਹੈ। ਇਸ ਤੋਂ ਪਹਿਲਾਂ 14 ਜੱਥੇ ਭੇਜੇ ਜਾ ਚੁੱਕੇ ਹਨ ਤੇ ਜਿੰਨਾ ਚਿਰ ਕੇਂਦਰ ਸਰਕਾਰ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਨ੍ਹਾਂ ਚਿਰ ਸੰਘਰਸ਼ ਜਾਰੀ ਰੱਖਿਆ ਜਾਵੇਗਾ ਤੇ ਪਿੰਡਾਂ ਵਿੱਚੋਂ ਇਸ ਤਰ੍ਹਾਂ ਹੀ ਜੱਥੇ ਦਿੱਲੀ ਧਰਨੇ ਲਈ ਰਵਾਨਾ ਹੁੰਦੇ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ ਇਹ ਅੰਦੋਲਨ ਆਏ ਦਿਨ ਨਵਾਂ ਜੋਸ਼ ਫੜ ਰਿਹਾ ਹੈ, ਜਿਸ ਵਿੱਚ ਦੇਸ਼ ਦਾ ਹਰ ਵਰਗ ਸ਼ਾਮਲ ਹੋ ਰਿਹਾ ਹੈ ਤੇ ਇਹ ਘੋਲ ਕੇਂਦਰ ਦੀ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰੇਗਾ। ਇਸ ਮੌਕੇ ਸੁਖਦੇਵ ਸਿੰਘ, ਅਜਮੇਰ ਸਿੰਘ, ਸੁਰੈਣ ਸਿੰਘ, ਸੁਖਵਿੰਦਰ ਸਿੰਘ ਗਿਆਨੀ, ਬਿੰਦਰ ਸਿੰਘ, ਜੁਗਰਾਜ ਸਿੰਘ ਆਦਿ ਹਾਜ਼ਰ ਸਨ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ) ਕੇਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਖੇਤੀਬਾੜੀ ਬਿੱਲਾਂ ਖ਼ਿਲਾਫ਼ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ ਵਿੱਚ ਡਟੇ ਕਿਸਾਨਾਂ ਲਈ ਹੌਸਲਾ ਅਫਜ਼ਾਈ ਕਰਨ ਤੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਨਜਦੀਕੀ ਪਿੰਡ ਭੋਡੀਪੁਰਾ ਤੋਂ ਕਿਸਾਨਾਂ ਦਾ ਤੀਜਾ ਜੱਥਾ ਦਿੱਲੀ ਨੂੰ ਰਵਾਨਾ ਹੋਇਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਸਨ। ਇਸ ਮੌਕੇ ਪਿੰਡ ਭੋਡੀਪੁਰਾ ਦੇ ਨੌਜਵਾਨ ਸਰਪੰਚ ਇੰਦਰਜੀਤ ਸਿੰਘ ਜੱਗਾ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਆਪਣਾ ਅੜੀਅਲ ਰਵੱਈਆਂ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਦਿਆਂ ਖੇਤੀਬਾੜੀ ਵਿਰੋਧੀ ਕਾਨੂੰਨਾਂ ਨੂੰ ਤਰੁੰਤ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਦੇਸ਼ ਦਾ ਕਿਸਾਨ ਖੁਸਹਾਲ ਹੋਵੇਗਾ ਤਾਂ ਦੇਸ਼ ਦਾ ਹਰ ਵਰਗ ਖੁਸਹਾਲ ਤੇ ਆਰਥਿਕ ਤੌਰ ’ਤੇ ਮਜ਼ਬੂਤ ਹੋਵੇਗਾ। ਇਸ ਮੌਕੇ ਕਾਲਾ ਸਿੰਘ ਪ੍ਰਧਾਨ, ਮਨਜੀਤ ਸਿੰਘ ਖਾਲਸਾ, ਜਗਦੀਪ ਸਿੰਘ, ਕੁਲਵਿੰਦਰ ਸੰਧੂ, ਗੁਰਪ੍ਰੀਤ ਕਿੰਗਰਾ, ਬਲਵਿੰਦਰ ਗਿੱਲ, ਕ੍ਰਿਸ਼ਨ ਬਾਂਸਲ, ਖੁਸ਼ ਕਿੰਗਰਾ, ਬੂਟਾ ਮੀਰਾਬ, ਕਰਮਜੀਤ ਸਿੰਘ ਖਾਲਸਾ, ਬਲਵਿੰਦਰ ਸਿੰਘ ਗੰਢੂ, ਹਰਮੇਲ ਸਿੰਘ ਭਾਈ, ਗੁਰਦੀਪ ਸਿੰਘ ਚਹਿਲ ਅਤੇ ਹੋਰ ਕਿਸਾਨ ਦਿੱਲੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ।
ਚੜ੍ਹਦੇ ਸਾਲ ਹੱਕਾਂ ਲਈ ਦਿੱਲੀ ਨੂੰ ਕਿਸਾਨਾਂ ਨੇ ਪਾਏ ਚਾਲੇ
ਟੱਲੇਵਾਲ (ਲਖਵੀਰ ਸਿੰਘ ਚੀਮਾ) ਨਵਾਂ ਵਰ੍ਹਾ ਬਦਲਣ ਨਾਲ ਦੇਸ਼ ਦੇ ਅੰਨਦਾਤੇ ਦੇ ਹਾਲਾਤ ਨਹੀਂ ਬਦਲੇ ਹਨ। ਵਰ੍ਹਦੀ ਠੰਢ ਵਿੱਚ ਪੰਜਾਬ ਦਾ ਅੰਨਦਾਤਾ ਆਪਣੇ ਹੱਕਾਂ ਦੀ ਪਹਿਰੇਦਾਰੀ ਲਈ ਦਿੱਲੀ ਦੀਆਂ ਸੜਕਾਂ ’ਤੇ ਸਾਥੀ ਕਿਸਾਨਾਂ ਨਾਲ ਰਾਤਾਂ ਕੱਟਣ ਲਈ ਰਵਾਨਾ ਹੋ ਰਿਹਾ ਹੈ। ਚੜ੍ਹਦੇ ਸਿਆਲ ਪਿੰਡ ਚੀਮਾ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ’ਚ ਕਿਸਾਨਾਂ ਵੱਲੋਂ ਦਿੱਲੀ ਨੂੰ ਚਾਲੇ ਪਾਏ ਗਏ। ਇਸ ਮੌਕੇ ਜੱਥੇਬੰਦੀ ਦੇ ਬਲਾਕ ਆਗੂ ਬਲਵੰਤ ਸਿੰਘ ਨੰਬਰਦਾਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦਾ ਗਲ ਘੁੱਟਣ ਲਈ ਖੇਤੀ ਕਾਨੂੰਨਾਂ ਰੂਪੀ ਅਜ਼ਗਰ ਛੱਡਿਆ ਗਿਆ ਹੈ। ਜਿਸ ਨੂੰ ਨੱਥ ਪਾਉਣ ਲਈ ਦੇਸ਼ ਭਰ ਦੇ ਕਿਸਾਨ ਤਿੰਨ ਮਹੀਨੇ ਤੋਂ ਸੜਕਾਂ ’ਤੇ ਰਾਤਾਂ ਗੁਜ਼ਾਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਦੀਵਾਲੀ-ਦਸਹਿਰਾ ਸੰਘਰਸ਼ ਵਿੱਚ ਮਨਾਇਆ ਤੇ ਅੱਜ ਚੜ੍ਹਦੇ ਵਰ੍ਹੇ ਦੀ ਸਵੇਰ ਵੀ ਕਿਸਾਨ ਦੇਸ਼ ਦੀ ਰਾਜਧਾਨੀ ਦੀ ਹਿੱਕ ਉਪਰ ਸੜਕਾਂ ’ਤੇ ਦੇਖ ਰਹੇ ਹਨ। ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਨਾਂ ਚਿਰ ਹਰ ਤਿਉਹਾਰ ਸੰਘਰਸ਼ੀ ਪਿੜ ’ਚ ਹੀ ਮਨਾਇਆ ਜਾਵੇਗਾ।
ਦਿੱਲੀ ਧਰਨੇ ਵਿੱਚ ਖੇਤ ਮਜ਼ਦੂਰ ਵੀ ਕਰਨਗੇ ਸ਼ਮੂਲੀਅਤ
ਮਲੋਟ (ਨਿੱਜੀ ਪੱਤਰ ਪ੍ਰੇਰਕ) ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਦਬੜਾ ਵਿੱਚ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਤੇ ਮਜ਼ਦੂਰਾਂ ’ਤੇ ਹੋ ਰਹੇ ਸਮਾਜਿਕ ਜਬਰ ਵਿਰੁੱਧ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕਾਕਾ ਸਿੰਘ ਤੇ ਤਰਸੇਮ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਬਣਾਏ ਜਾ ਰਹੇ ਕਾਲੇ ਕਾਨੂੰਨ ਮਜ਼ਦੂਰਾਂ ਲਈ ਕਿਸਾਨਾਂ ਤੋਂ ਵੀ ਵੱਧ ਮਾਰੂ ਸਾਬਤ ਹੋਣਗੇ, ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਮਜ਼ਦੂਰਾਂ ਦੇ ਰੁਜ਼ਗਾਰ ਦਾ ਉਜਾੜਾ ਹੋਵੇਗਾ, ਖਾਦ ਪਦਾਰਥਾਂ ’ਤੇ ਕਾਰਪੋਰੇਟ ਘਰਾਣੇ ਅਡਾਨੀਆਂ, ਅੰਬਾਨੀਆਂ ਦੇ ਕਾਬਜ਼ ਹੋਣ ਮਗਰੋਂ ਉਹ ਭੁੱਖੇ ਮਰਨ ਲਈ ਮਜਬੂਰ ਹੋਣਗੇ। ਕਾਰਪੋਰੇਟ ਘਰਾਣੇ ਵੱਡੇ ਖੇਤੀ ਫਾਰਮਾਂ ’ਚ ਲੋਕਾਂ ਦੇ ਖਾਣ ਵਾਲੀਆਂ ਫਸਲਾਂ ਦੀ ਪੈਦਾਵਾਰ ਕਰਨ ਦੀ ਬਜਾਏ ਮੁਨਾਫ਼ੇ ਦੇਣ ਵਾਲੇ ਵਾਲੀਆਂ ਫ਼ਸਲਾਂ ਦੀ ਪੈਦਾਵਾਰ ਕਰਨਗੇ। ਜਨਤਕ ਵੰਡ ਪ੍ਰਣਾਲੀ ਖ਼ਤਮ ਹੋਣ ਮਗਰੋਂ ਖੇਤ ਮਜ਼ਦੂਰ ਮਹਿੰਗੀਆਂ ਵਸਤੂਆਂ ਖਰੀਦਣ ਲਈ ਮਜਬੂਰ ਹੋਣਗੇ। ਉਨ੍ਹਾਂ ਆਖਿਆ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਕਿਸਾਨਾਂ ਦੀ ਹਮਾਇਤ ਵਿਚ ਦਿੱਲੀ ਮੋਰਚੇ ਵਿਚ ਵੱਡੀ ਗਿਣਤੀ ਵਿੱਚ ਮਜ਼ਦੂਰ ਸ਼ਾਮਲ ਹੋਣਗੇ।