ਪੱਤਰ ਪ੍ਰੇਰਕ
ਮਾਨਸਾ, 20 ਸਤੰਬਰ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਪੇਂਡੂ ਬੇਜ਼ਮੀਨੇ ਦਲਿਤਾਂ/ਲੋੜਵੰਦਾਂ ਦੇ 590 ਕਰੋੜ ਕਰਜ਼ੇ ਮੁਆਫ਼ ਕਰਨ ਸਮੇਂ ਪੰਜਾਬ ਦੀਆਂ ਪੇਂਡੂ ਅਤੇ ਸ਼ਹਿਰੀ ਔਰਤਾਂ ਸਿਰ ਚੜ੍ਹੇ ਪ੍ਰਾਈਵੇਟ ਕੰਪਨੀਆਂ ਦੇ ਕਰਜ਼ਿਆਂ ਵਿੱਚ ਫਸੀਆਂ ਔਰਤਾਂ ਨੂੰ ਨਜ਼ਰਅੰਦਾਜ਼ ਕਰਨ ਖ਼ਿਲਾਫ਼ ਅੱਜ ਇੱਥੇ ਰੋਸ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਅੰਦਰ ਔਰਤ ਕਰਜ਼ਾ ਮੁਕਤੀ ਰੈਲੀ ਕੀਤੀ। ਇਸ ਸਮੇਂ ਰੈਲੀ ਵਿੱਚ ਜਥੇਬੰਦੀ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ 27 ਸਤੰਬਰ ਦੇ ਭਾਰਤ ਬੰਦ ਦਾ ਪੂਰਨ ਸਮਰਥਨ ਕਰਨ ਦਾ ਐਲਾਨ ਕੀਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਪੰਜਾਬ ਸਰਕਾਰ ਜੇਕਰ ਮਜ਼ਦੂਰ ਔਰਤਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਨਹੀਂ ਕਰਦੀ ਅਤੇ ਪੰਜਾਬ ਦੇ ਬੇਜ਼ਮੀਨੇ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਸੂਬੇ ਭਰ ਵਿੱਚ ਦਲਿਤ ਮਜ਼ਦੂਰ ਸੜਕਾਂ ’ਤੇ ਉਤਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਕੇ ਕਾਂਗਰਸ-2022 ਦੀਆਂ ਚੋਣਾਂ ਵਿੱਚ ਦਲਿਤਾਂ ਨੂੰ ਸਿਰਫ ਜਾਤ ਦੇ ਅਧਾਰ ’ਤੇ ਲੁੱਟਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਦਲਿਤ ਮਜ਼ਦੂਰਾਂ ਨਾਲ ਝੂਠੇ ਵਾਅਦੇ ਕਰਕੇ ਮੁੱਕਰੇ ਕੈਪਟਨ ਵੇਲੇ ਅਤੇ ਪੰਜਾਬ ਅੰਦਰ ਪਿਛਲੇ ਦਿਨੀਂ ਦਲਿਤਾਂ ਉੱਪਰ ਹੋਏ ਸਮਾਜਿਕ ਤੇ ਸਰਕਾਰੀ ਜ਼ਬਰ ਸਮੇਂ ਨਵੇਂ ਬਣੇ ਮੁੱਖ ਮੰਤਰੀ ਚੰਨੀ ਸਮੇਤ ਕਾਂਗਰਸ ਪਾਰਟੀ ਦੇ ਚੁਣੇ ਹੋਏ ਦਲਿਤ ਵਿਧਾਇਕਾਂ ਨੇ ਪੀੜਤ ਦਲਿਤਾਂ ਦੇ ਹੱਕ ਵਿੱਚ ਆਪਣੀ ਜੁਬਾਨ ਤੱਕ ਨਹੀਂ ਖੋਲ੍ਹੀ। ਅੱਜ ਦਲਿਤ ਪੱਤੇ ਖੇਡ ਕੇ ਮੁੱਖ ਮੰਤਰੀ ਬਣਾਏ ਚੰਨੀ ਤੋਂ ਦਲਿਤ ਵਰਗ ਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸੱਤ ਜਥੇਬੰਦੀਆਂ ਦੇ ਸਾਂਝੇ ਮਜ਼ਦੂਰ ਮੋਰਚੇ ਤਹਿਤ ਸਰਕਾਰ ਵੱਲੋਂ ਮੰਨੀਆਂ ਗਈਆਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਜੇਕਰ ਅਮਲੀ ਰੂਪ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਮਜ਼ਦੂਰ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਨਿੱਕਾ ਸਿੰਘ ਬਹਾਦੁਰਪੁਰ, ਵਿਜੈ ਕੁਮਾਰ ਭੀਖੀ, ਮਨਜੀਤ ਕੌਰ ਜੋਗਾ, ਕ੍ਰਿਸ਼ਨਾ ਕੌਰ, ਸੁਖਜੀਤ ਰਾਮਾਨੰਦੀ, ਸੁਖਵਿੰਦਰ ਬੋਹਾ, ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਗੁਰਮੀਤ ਸਿੰਘ ਨੰਦਗੜ੍ਹ, ਗੁਲਾਬ ਸਿੰਘ ਖੀਵਾ, ਮੇਲਾ ਹੀਰੋ ਨੇ ਵੀ ਸੰਬੋਧਨ ਕੀਤਾ।