ਨਿੱਜੀ ਪੱਤਰ ਪ੍ਰੇਰਕ
ਮਲੋਟ, 21 ਸਤੰਬਰ
ਇੱਥੇ ਅੱਜ ਵਾਰਡ ਨੰਬਰ 18, 19 ਤੇ 20 ਤੋਂ ਇਲਾਵਾ ਰਵਿਦਾਸ ਨਗਰ ਦੀਆਂ ਵੱਡੀ ਗਿਣਤੀ ਔਰਤਾਂ ਨੇ ਸਾਰਿਆਂ ਦੀਆਂ ਰਾਸ਼ਨ ਵਾਲੀਆਂ ਪਰਚੀਆਂ ਕੱਟਣ ਨੂੰ ਲੈ ਕੇ ਡਿੱਪੂ ਹੋਲਡਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਡਿੱਪੂ ਹੋਲਡਰ ’ਤੇ ਚਹੇਤਿਆਂ ਦੀਆਂ ਪਰਚੀਆਂ ਕੱਟਣ ਦੇ ਦੋਸ਼ ਲਗਾਏ।
ਇਸ ਮੌਕੇ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੇ ਦੱਸਿਆ ਕਿ ਉਹ ਸਵੇਰੇ 7 ਵਜੇ ਤੋਂ ਲਾਈਨਾਂ ਵਿੱਚ ਖੜ੍ਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਰਾਸ਼ਨ ਦੀ ਪਰਚੀ ਮਿਲ ਜਾਵੇ, ਪਰ ਡਿੱਪੂ ਹੋਲਡਰ ਆ ਕੇ ਆਪਣੇ ਚਹੇਤਿਆਂ ਨੂੰ ਫੋਨ ਰਾਹੀਂ ਸੱਦ ਕੇ ਉਨ੍ਹਾਂ ਦੀਆਂ ਪਰਚੀਆਂ ਕੱਟਦਾ ਰਹਿੰਦਾ ਹੈ ਅਤੇ ਜਦੋਂ ਉਹ ਵਿਰੋਧ ਕਰਦੀਆਂ ਹਨ ਤਾਂ ਕਹਿੰਦਾ ਹੈ ਕਿ ਉਸ ਨੂੰ ਮਿਲਿਆ ਕੋਟਾ ਪੂਰਾ ਹੋ ਗਿਆ ਹੈ। ਪਹਿਲਾਂ ਕਈ ਦਿਨ ਉਹ ਮਸ਼ੀਨ ਨਾ ਹੋਣ ਦਾ ਬਹਾਨਾ ਬਣਾਉਂਦਾ ਰਿਹਾ। ਵਿਰੋਧ ਕਰ ਰਹੀਆਂ ਔਰਤਾਂ ਨੇ ਕਿਹਾ ਕਿ ਉਹ ਤਿੰਨ-ਤਿੰਨ ਦਿਨਾਂ ਤੋਂ ਲਗਾਤਾਰ ਡਿੱਪੂ ’ਤੇ ਆ ਰਹੀਆਂ ਹਨ ਅਤੇ ਘੰਟਿਆਂਬੱਧੀ ਲਾਈਨਾਂ ਵਿੱਚ ਖੜ੍ਹ ਕੇ ਘਰ ਵਾਪਸ ਚਲੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚ ਕਈ ਬਜ਼ੁਰਗ ਔਰਤਾਂ ਵੀ ਸ਼ਾਮਲ ਹਨ, ਇਸ ਵਾਤਸੇ ਲੰਬਾ ਸਮਾਂ ਲਾਈਨਾਂ ਵਿੱਚ ਖੜ੍ਹਾ ਹੋਣਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਖੁਰਾਕ ਸਪਲਾਈ ਵਿਭਾਗ ਕੋਲੋਂ ਮੰਗ ਕੀਤੀ ਕਿ ਡਿੱਪੂ ਹੋਲਡਰਾਂ ਨੂੰ ਮਨਮਰਜ਼ੀਆਂ ਤੋਂ ਵਰਜਿਆ ਜਾਵੇ ਅਤੇ ਮਸ਼ੀਨਾਂ ਦੀ ਗਿਣਤੀ ਵਧਾਈ ਜਾਵੇ।