ਗੁਰਜੰਟ ਕਲਸੀ
ਸਮਾਲਸਰ, 27 ਅਗਸਤ
ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਲੋਕ ਵਿਰੋਧੀ ਆਰਡੀਨੈਂਸਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਬਲਾਕ ਬਾਘਾਪੁਰਾਣਾ ਦੀ ਇਕਾਈ ਦੇ ਪ੍ਰਧਾਨ ਹਰਨੇਕ ਸਿੰਘ ਡੇਮਰੂ ਖੁਰਦ ਦੀ ਅਗਵਾਈ ਹੇਠ ਪਿੰਡ ਡੇਮਰੂ ਖੁਰਦ ਦੀਆਂ ਗਲੀਆਂ ਵਿਚ ਪਿੰਡ ਦੀਆਂ ਔਰਤਾਂ, ਮੁਟਿਆਰਾਂ, ਗੱਭਰੂਆਂ, ਬੁੱਢਿਆਂ ਨੇ ਢੋਲ ਦੇ ਡੱਗੇ ਨਾਲ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਔਰਤਾਂ ਨੇ ਅਕਾਲੀ ਭਾਜਪਾ ਨੇਤਾਵਾਂ ਨੂੰ ਪਿੰਡ ਵਿਚ ਵੜਨ ਤੋਂ ਰੋਕਣ ਦੇ ਬੈਨਰ ਚੁੱਕੇ ਹੋਏ ਸਨ। ਇਸ ਮੌਕੇ ਪ੍ਰਧਾਨ ਹਰਨੇਕ ਸਿੰਘ, ਜਗਦੀਪ ਸਿੰਘ ਨੇ ਕਿਹਾ ਕਿ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਤਿੰਨੇ ਆਰਡੀਨੈਂਸ ਵਾਪਸ ਨਹੀਂ ਲੈਂਦੀ ਸੰਘਰਸ਼ ਜਾਰੀ ਰਹੇਗਾ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ) : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਤੀਸਰੇ ਦਿਨ ਵੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਆਰਡੀਨੈੱਸ ਨੂੰ ਰੱਦ ਕਰਾਉਣ ਲਈ ਬਲਾਕ ਸ਼ਹਿਣਾ ਦੇ 11 ਪਿੰਡਾਂ ਵਿੱਚ ਨਾਕਾਬੰਦੀ ਕੀਤੀ ਗਈ ਅਤੇ ਕੰਧਾਂ ’ਤੇ ਵੀ ਪਿੰਡਾਂ ਵਿੱਚ ਅਕਾਲੀ-ਭਾਜਪਾ ਲੀਡਰਾਂ ਦੇਣ ਵੜਨ ਤੋਂ ਰੋਕ ਲਈ ਬੈਨਰ ਲਾਏ ਗਏ ਹਨ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡਾਂ ’ਚ ਮੋਦੀ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪਿੰਡ ਸੱਦੋਵਾਲ ਵਿੱਚ ਔਰਤਾਂ ਵੱਲੋਂ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।
ਨਥਾਣਾ (ਭਗਵਾਨ ਦਾਸ ਗਰਗ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨ ਆਗੂਆਂ ਲਖਵੀਰ ਸਿੰਘ ਅਤੇ ਅਵਤਾਰ ਸਿੰਘ ਪੂਹਲਾ ਨੇ ਕਿਸਾਨਾਂ ਨੂੰ ਅਜਿਹੀਆਂ ਲੋਕ ਮਾਰੂ ਨੀਤੀਆਂ ਦੇ ਟਾਕਰੇ ਲਈ ਧਰਨਿਆਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਮੌੜ ਮੰਡੀ (ਜਗਤਾਰ ਅਣਜਾਣ): ਖੇਤੀ ਆਰਡੀਨੈਂਸਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ’ਤੇ ਪੰਜ ਰੋਜ਼ਾ ਨਾਕਾਬੰਦੀ ਧਰਨੇ ਤਹਿਤ ਅੱਜ ਤੀਜੇ ਦਿਨ ਵੀ ਧਰਨੇ ਜਾਰੀ ਰਹੇ। ਧਰਨਿਆਂ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਰਾਜਵਿੰਦਰ ਰਾਜੂ ਰਾਮਨਗਰ ਨੇ ਅੱਜ ਤੀਜੇ ਦਿਨ 13 ਪਿੰਡਾਂ ਦੇ ਧਰਨਿਆਂ ਵਿੱਚ ਐਲਾਨ ਕੀਤਾ ਕਿ ਨਾਕਾਬੰਦੀ ਧਰਨੇ 29 ਅਗਸਤ ਤੱਕ ਹਰ ਰੋਜ਼ ਲਾਏ ਜਾਣਗੇ।
ਧਰਨਿਆਂ ਨੇ ਦਫਾ 144 ਕੀਤੀ ‘ਦਫਾ’
ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ ਧਾਲੀਵਾਲ): ਇਸ ਖੇਤਰ ਦੇ ਵੱਖ ਵੱਖ ਪਿੰਡਾਂ ਅੰਦਰ ਧਾਰਾ 144 ਨੂੰ ਬੇਅਰਸਰ ਕਰਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ,ਔਰਤਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਖੇਤੀ ਆਰਡੀਨੈਂਸਾਂ ਖ਼ਿਲਾਫ ਪਿੰਡ ਪਿੰਡ ਮੋਰਚੇਬੰਦੀ ਕੀਤੀ ਹੋਈ ਹੈ । ਅੱਜ ਪਿੰਡ ਧੌਲਾ ਵਿੱਚ ਜਿੱਥੇ ਟਰੈਕਟਰ ਮਾਰਚ ਕਰਦਿਆਂ ਲੋਕਾਂ ਨੂੰ ਖੇਤੀ ਅਰਡੀਨੈਂਸਾਂ ਖਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ ਉੱਥੇ ਰੂੜੇਕੇ ਕਲਾਂ,ਕਾਹਨੇਕੇ, ਬਦਰਾ, ਭੈਣੀ ਫੱਤਾ ਪਿੰਡਾਂ ਵਿਚ ਕਿਸਾਨ ਯੂਨੀਅਨਾਂ ਵੱਲੋਂ ਅਰਥੀ ਫੂਕ ਮੁਜ਼ਾਹਰੇ ਕਰਦਿਆਂ ਕੇਦਰ ਦੀ ਭਾਜਪਾ ਸਰਕਾਰ ਤੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ।
ਪੁਲੀਸ ਵੱਲੋਂ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਦਾ ਐਲਾਨ
ਉਪ ਕਪਤਾਨ ਪੁਲੀਸ ਤਪਾ ਰਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿੰਨ੍ਹਾਂ ਕਿਸਾਨਾਂ ਵੱਲੋਂ ਧਾਰਾ 144 ਦੀ ਉਲੰਘਣਾ ਕੀਤੀ ਜਾ ਰਹੀ ਹੈ ਅਸੀ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਹਾਂ।