ਪਵਨ ਗੋਇਲ
ਭੁੱਚੋ ਮੰਡੀ, 5 ਮਈ
ਭੁੱਚੋ ਕੈਂਚੀਆਂ ਚੌਕ ਵਿੱਚ ਪਹਿਲਾਂ ਨਾ ਉਤਾਰਨ ਤੋਂ ਭੜਕੀ ਇੱਕ ਔਰਤ ਨੇ ਬਠਿੰਡਾ ਤੋਂ ਲੁਧਿਆਣਾ ਜਾ ਰਹੀ ਪੀਆਰਟੀਸੀ ਦੀ ਬੱਸ ਦੇ ਕੰਡਕਟਰ ਦੇ ਕਥਿਤ ਤੌਰ ’ਤੇ ਥੱਪੜ ਜੜ ਦਿੱਤਾ। ਗੁੱਸੇ ਵਿੱਚ ਆਏ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਸੜਕਾਂ ’ਤੇ ਬੱਸਾਂ ਰੋਕ ਕੇ ਚਾਰੇ ਪਾਸੇ ਜਾਮ ਲਗਾ ਦਿੱਤਾ। ਇਸ ਨਾਲ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੋਈ। ਮੁਲਾਜ਼ਮਾਂ ਨੇ ਪੁਲੀਸ ਤੋਂ ਮੰਗ ਕੀਤੀ ਕਿ ਇਸ ਔਰਤ ਨੂੰ ਗ੍ਰਿਫਤਾਰ ਕਰਕੇ ਉਸ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ। ਪੁਲੀਸ ਨੇ ਮਾਮਲੇ ਨੂੰ ਸੁਲਝਾਉਣ ਲਈ ਕਾਫੀ ਦੇਰ ਕੋਸ਼ਿਸ਼ ਕੀਤੀ ਪਰ ਮੁਲਾਜ਼ਮ ਆਪਣੀ ਮੰਗ ’ਤੇ ਅੜੇ ਰਹੇ। ਆਖਿਰ ਥਾਣਾ ਬਠਿੰਡਾ ਛਾਉਣੀ ਦੀ ਪੁਲੀਸ ਔਰਤ ਨੂੰ ਥਾਣੇ ਲੈ ਗਈ। ਐੱਸਐੱਚਓ ਪਰਮਪਾਰਸ ਸਿੰਘ ਚਾਹਲ ਵੱਲੋਂ ਔਰਤ ਖ਼ਿਲਾਫ਼ ਕੇਸ ਦਰਜ ਕਰਨ ਦੇ ਦਿੱਤੇ ਭਰੋਸੇ ਮਗਰੋਂ ਮੁਲਾਜ਼ਮਾਂ ਨੇ ਜਾਮ ਖੋਲ੍ਹਿਆ।
ਪੀੜਤ ਕੰਡਕਟਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਸ ਔਰਤ ਨੇ ਬਿਨਾਂ ਕਿਸੇ ਗੱਲ ਤੋਂ ਉਸ ਦੀ ਵਰਦੀ ਪਾੜ ਦਿੱਤੀ ਅਤੇ ਕੁੱਟਮਾਰ ਕੀਤੀ। ਉਸ ਨੇ ਦੋਸ਼ ਲਗਾਇਆ ਕਿ ਔਰਤ ਨੇ ਉਸ ਤੋਂ ਕੈਸ਼ ਬੈਗ, ਟਿਕਟ ਬੰਡਲ ਅਤੇ ਟਿਕਟ ਮਸ਼ੀਨ ਖੋਹ ਲਈ। ਬੱਸ ਵਿੱਚ ਸਫਰ ਕਰ ਰਹੇ ਗਿਆਨ ਸਿੰਘ ਨੇ ਔਰਤ ਤੋਂ ਕੰਡਕਟਰ ਨੂੰ ਛੁਡਾਇਆ। ਉਸ ਨੇ ਕਿਹਾ ਕਿ ਕੰਡਕਟਰ ਦੀ ਕੋਈ ਗ਼ਲਤੀ ਨਹੀਂ ਸੀ। ਇਹ ਔਰਤ ਇਹ ਵੀ ਕਹਿੰਦੀ ਸੁਣੀ ਗਈ ਕਿ ਉਸ ’ਤੇ ਪਹਿਲਾਂ ਵੀ ਕਈ ਕੇਸ ਦਰਜ ਹਨ ਅਤੇ ਅੱਜ ਵੀ ਉਹ ਪੇਸ਼ੀ ਭੁਗਤ ਕੇ ਆਈ ਹੈ। ਜਾਮ ਦੌਰਾਨ ਬੱਸਾਂ ਵਿੱਚ ਸਵਾਰ ਕੁੱਝ ਮਰੀਜ਼ਾਂ ਲਈ ਹੋਰ ਪ੍ਰਬੰਧ ਕੀਤੇ ਗਏ।