ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਜਨਵਰੀ
ਇੱਥੇ ਪਿੰਡ ਦੁਨੇਕੇ ਵਿੱਚ ਅੱਜ ਤੜਕਸਾਰ ਪਰਵਾਸੀ ਮਜ਼ਦੂਰ ਨੇ ਔਰਤ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕਾ ਦਾ ਕੁਝ ਚਿਰ ਪਹਿਲਾਂ ਹੀ ਘਰੇਲੂ ਝਗੜੇ ਕਾਰਨ ਪਤੀ ਨਾਲ ਤਲਾਕ ਹੋਇਆ ਸੀ। ਮੁਲਜ਼ਮ ਜਬਰ ਜਨਾਹ ਦੀ ਨੀਅਤ ਨਾਲ ਕਮਰੇ ’ਚ ਦਾਖ਼ਲ ਹੋਇਆ ਸੀ।
ਡੀਐੱਸਪੀ ਸਿਟੀ ਬੀਐੱਸ ਭੁੱਲਰ ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਮ੍ਰਿਤਕ ਅਮਨਦੀਪ ਕੌਰ ਦੀ ਮਾਂ ਕੁਲਦੀਪ ਕੌਰ ਪਿੰਡ ਸਿੰਘਾਂਵਾਲਾ ਦੇ ਬਿਆਨ ਉੱਤੇ ਪਰਵਾਸੀ ਮਜ਼ਦੂਰ ਸੰਜੀਤ ਰਾਮ ਵਾਸੀ ਗੋਬਿੰਦਪੁਰ ਵੈਸ਼ਾਲੀ ਮੀਹਾਂਸਰ ਜ਼ਿਲ੍ਹਾ ਹਾਜ਼ੀਪੁਰ,ਬਿਹਾਰ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਅਮਨਦੀਪ ਕੌਰ ਦਾ ਸਥਾਨਕ ਸਿਵਲ ਹਸਪਤਾਲ ਵਿੱਚੋਂ ਪੋਸਟ ਮਾਰਟਮ ਕਰਵਾਇਆ ਗਿਆ ਹੈ। ਪੁਲੀਸ ਮੁਤਾਬਕ ਮ੍ਰਿਤਕਾ ਅਮਨਦੀਪ ਕੌਰ ਦਾ ਕਰੀਬ 6 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਪਤੀ ਨਾਲ ਝਗੜਾ ਹੋਣ ਕਾਰਨ ਉਹ ਉਹ ਆਪਣੀ ਕਰੀਬ 4 ਸਾਲ ਦੀ ਬੱਚੀ ਨਾਲ ਪੇਕੇ ਰਹਿੰਦੀ ਸੀ ਅਤੇ ਸੈਲੂਨ ਉੱਤੇ ਕੰਮ ਕਰਦੀ ਸੀ। ਹੁਣ ਉਸ ਨੇ ਪਿੰਡ ਦੁਨੇਕੇ ਵਿੱਚ ਕਿਰਾਏ ਉੱਤੇ ਕਮਰਾ ਲਿਆ ਸੀ ਅਤੇ ਮੁਲਜ਼ਮ ਪਰਵਾਸੀ ਮਜ਼ਦੂਰ ਵੀ ਉੱਥੇ ਹੀ ਕਿਰਾਏ ਉੱਤੇ ਲਏ ਕਮਰੇ ਵਿੱਚ ਰਹਿੰਦਾ ਸੀ। ਅੱਜ ਤੜਕਸਾਰ ਕਰੀਬ 4 ਵਜੇ ਮੁਲਜ਼ਮ ਬਦਨੀਤੀ ਨਾਲ ਔਰਤ ਦੇ ਕਮਰੇ ਵਿੱਚ ਦਾਖਲ ਹੋ ਗਿਆ ਅਤੇ ਔਰਤ ਨੇ ਰੌਲਾ ਦਿੱਤਾ। ਇੱਥੇ ਕਮਰਿਆਂ ਵਿੱਚ ਕਿਰਾਏ ’ਤੇ ਰਹਿੰਦੇ ਹੋਰ ਲੋਕ ਬਾਹਰ ਆ ਗਏ ਤਾਂ ਮੁਲਜ਼ਮ ਨੇ ਔਰਤ ਦਾ ਕਮਰੇ ਦਾ ਬੂਹਾ ਬੰਦ ਕੀਤਾ ਹੋਇਆ ਸੀ। ਪੁਲੀਸ ਮੁਤਾਬਕ ਔਰਤ ਵੱਲੋਂ ਕਥਿਤ ਜਬਰ ਜਨਾਹ ਦਾ ਵਿਰੋਧ ਕਰਨ ਉੱਤੇ ਉਥੇ ਪਈ ਕਰਦ ਨਾਲ ਹੀ ਉਸ ਦੀ ਹੱਤਿਆ ਕਰਕੇ ਜਦੋਂ ਮੁਲਜ਼ਮ ਫ਼ਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ।
ਹਮਲੇ ਵਿੱਚ ਗੰਭੀਰ ਜ਼ਖ਼ਮੀ ਵਿਅਕਤੀ ਨੇ ਦਮ ਤੋੜਿਆ
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਕੋਟਕਪੂਰਾ ਨੇੜੇ ਪੈਂਦੇ ਪਿੰਡ ਖਾਰਾ ’ਚ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਕੀਤੇ ਹਮਲੇ ਵਿੱਚ ਗੰਭੀਰ ਜ਼ਖ਼ਮੀ ਵਿਅਕਤੀ ਨੇ ਦਮ ਤੋੜ ਦਿੱਤਾ। ਪੁਲੀਸ ਨੇ ਇਸ ਮਾਮਲੇ ’ਚ ਮਨਜੀਤ ਸਿੰਘ, ਦਵਿੰਦਰ ਸਿੰਘ (ਦੋਵੇਂ ਭਰਾ) ਤੇ ਬਹਾਦਰ ਸਿੰਘ ਵਾਸੀ ਪਿੰਡ ਖਾਰਾ ਵਿਰੁੱਧ ਭਾਰਤੀ ਦੰਡਵਾਲੀ ਦੀ ਧਾਰਾ 302/34 ਤਹਿਤ ਕੇਸ ਦਰਜ ਕਰਕੇ ਤਫ਼ਤੀਸ਼ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਲੰਘੀ 13 ਜਨਵਰੀ ਨੂੰ ਮੁਲਜ਼ਮਾਂ ਨੇ ਗੁਰਮੇਲ ਸਿੰਘ ਉਰਫ ਗੱਗੀ ਉੱਪਰ ਹਥਿਆਰਾਂ ਨਾਲ ਲੈਸ ਹੋ ਕੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ। ਹਮਲੇ ’ਚ ਗੰਭੀਰ ਜ਼ਖ਼ਮੀ ਹੋਣ ਜਾਣ ’ਤੇ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਕੋਟਕਪੂਰਾ ਲਿਆਂਦਾ ਗਿਆ, ਜਿਥੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਸੀ। ਇਲਾਜ ਦੌਰਾਨ ਲੰਘੀ 18 ਜਨਵਰੀ ਨੂੰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਪੁਲੀਸ ਦੀ ਮੁੱਢਲੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਹਮਲਾਵਰ ਮਨਜੀਤ ਸਿੰਘ ਨੂੰ ਸ਼ੱਕ ਸੀ ਕਿ ਗੁਰਮੇਲ ਸਿੰਘ ਤੇ ਉਸ ਦੀ ਪਤਨੀ ’ਚ ਨਾਜਾਇਜ਼ ਸਬੰਧ ਚੱਲ ਰਹੇ ਹਨ। ਥਾਣਾ ਮੁਖੀ ਦਿਹਾਤੀ ਕੋਟਕਪੂਰਾ ਐੱਸਆਈ ਜਗਨਦੀਪ ਕੌਰ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਫਰਾਰ ਹੋ ਗਏ ਹਨ।