ਸੁੰਦਰ ਨਾਥ ਆਰੀਆ
ਅਬੋਹਰ, 2 ਅਕਤੂਬਰ
ਇਥੋਂ ਦੇ ਜੈਨ ਨਗਰੀ ਰੋਡ ’ਤੇ ਸਥਿਤ ਨਾਗਪਾਲ ਨਰਸਿੰਗ ਹੋਮ ਵਿੱਚ ਜਣੇਪੇ ਲਈ ਆਈ ਇਕ ਔਰਤ ਦੀ ਮੌਤ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ ’ਤੇ ਲਾਪਰਵਾਹੀ ਦਾ ਦੋਸ਼ ਲਗਾਉਂਦਿਆਂ ਮ੍ਰਿਤਕਾ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ ਕਰੀਬ 4 ਘੰਟੇ ਰੋਸ ਮੁਜ਼ਾਹਰਾ ਕੀਤਾ। ਬਾਅਦ ਦੁਪਹਿਰ ਕਰੀਬ 2 ਵਜੇ ਸ਼ਹਿਰ ਦੇ ਪਤਵੰਤੇ ਲੋਕਾਂ ਦੇ ਸਮਝਾਉਣ ਤੋਂ ਬਾਅਦ ਪਰਿਵਾਰ ਨੇ ਧਰਨਾ ਚੁੱਕ ਲਿਆ। ਜਾਣਕਾਰੀ ਮੁਤਾਬਕ ਮ੍ਰਿਤਕਾ ਗੀਤਾ ਦੇ ਪਤੀ ਪ੍ਰਦੀਪ ਚੋਪੜਾ ਵਾਸੀ ਗੋਬਿੰਦ ਨਗਰੀ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਜਣੇਪੇ ਲਈ ਉਹ 30 ਸਤੰਬਰ ਨੂੰ ਨਰਸਿੰਗ ਹੋਮ ਵਿੱਚ ਲੈ ਕੇ ਆਏ ਸਨ। ਦੁਪਹਿਰ ਵੇਲੇ ਉਸ ਦੀ ਪਤਨੀ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ। ਜੱਚਾ ਅਤੇ ਬੱਚਾ ਉਸ ਵੇਲੇ ਬਿਲਕੁਲ ਤੰਦਰੂਸਤ ਸਨ। ਦੇਰ ਸ਼ਾਮ ਅਚਾਨਕ ਗੀਤਾ ਦੀ ਹਾਲਤ ਵਿਗੜ ਗਈ। ਉਪਰੰਤ ਡਾਕਟਰਾਂ ਨੇ ਉਸ ਨੂੰ ਗੰਗਾਨਗਰ ਦੇ ਇਕ ਨਿਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ, ਜਿੱਥੇ ਪਹਿਲੀ ਅਕਤੂਬਰ ਨੂੰ ਗੀਤਾ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਅੱਜ ਤੜਕੇ ਕਰੀਬ 10 ਵਜੇ ਰੋਸ ਵਜੋਂ ਲਾਸ਼ ਸੜਕ ’ਤੇ ਰੱਖ ਕੇ ਧਰਨਾ ਲਾ ਦਿੱਤਾ ਅਤੇ ਲਾਪਰਵਾਹ ਡਾਕਟਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੁਲੀਸ ਨੇ ਪਰਿਵਾਰ ਨੂੰ ਮਾਮਲੇ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪਰ ਪਰਿਵਾਰ ਵਾਲੇ ਨਹੀਂ ਮੰਨੇ। ਬਾਅਦ ਦੁਪਹਿਰ ਕਰੀਬ 2 ਵਜੇ ਸ਼ਹਿਰ ਦੇ ਪਤਵੰਤੇ ਲੋਕਾਂ ਨੇ ਪਰਿਵਾਰ ਨੂੰ ਸਮਝਾ ਕੇ ਧਰਨਾ ਖਤਮ ਕਰਵਾ ਦਿੱਤਾ। ਪੁਲੀਸ ਨੇ ਭਰੋਸਾ ਦਿੱਤਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।
ਹਸਪਤਾਲ ਦੇ ਡਾਕਟਰ ਅਮਨ ਨਾਗਪਾਲ ਨੇ ਆਖਿਆ ਕਿ ਉਨ੍ਹਾਂ ਔਰਤ ਦਾ ਬਿਹਤਰ ਇਲਾਜ ਕੀਤਾ ਸੀ ਪਰ ਖੂਨ ਵਗਣ ਕਰਕੇ ਪੀੜਤਾ ਦੇ ਪਰਿਵਾਰਕ ਮੈਂਬਰ ਉਸ ਨੂੰ ਗੰਗਾਨਗਰ ਲੈ ਗਏ ਸਨ, ਜਿਥੇ ਉਸ ਦੀ ਮੌਤ ਹੋ ਗਈ।