ਕੁਲਦੀਪ ਭੁੱਲਰ
ਮੌੜ ਮੰਡੀ, 20 ਜੂਨ
ਇੱਥੋਂ ਦੇ ਨੇੜਲੇ ਪਿੰਡ ਰਾਜਗੜ੍ਹ ਕੁੱਬੇ ਵਿੱਚ ਵਿਆਹੁਤਾ ਔਰਤ ਗੁਰਪ੍ਰੀਤ ਕੌਰ (23) ਨੇ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਮੋਬਾਈਲ ’ਤੇ ਲਗਾਤਾਰ ਅਸ਼ਲੀਲ ਸੁਨੇਹੇ ਤੇ ਵੀਡੀਓ ਭੇਜੇ ਜਾਣ ਤੋ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਗੁਰਲਾਲ ਸਿੰਘ ਦਾ ਵਿਆਹ ਡੇਢ ਸਾਲ ਪਹਿਲਾਂ ਪਿੰਡ ਡਿੱਖ ਵਾਸੀ ਗੁਰਪ੍ਰੀਤ ਕੌਰ ਨਾਲ ਹੋਇਆ ਸੀ। ਪਿਛਲੇ ਸਮੇਂ ਤੋਂ ਪਿੰਡ ਮਹਿਰਾਜ ਦਾ ਨੌਜਵਾਨ ਸੰਦੀਪ ਸਿੰਘ, ਗੁਰਪ੍ਰੀਤ ਕੌਰ ਨੂੰ ਅਸ਼ਲੀਲ ਵੀਡੀਓਜ਼ ਭੇਜ ਕੇ ਪ੍ਰੇਸ਼ਾਨ ਕਰ ਰਿਹਾ ਸੀ। ਇਸ ਤੋਂ ਤੰਗ ਆ ਕੇ ਉਸ ਨੇ ਅੱਜ ਸਵੇਰੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧੀ ਮੌੜ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ
ਧਨੌਲਾ (ਪੱਤਰ ਪ੍ਰੇਰਕ): ਪੁਲੀਸ ਨੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ ’ਚ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਅਤੇ ਉਸਦੇ ਸਾਥੀ ਵਕੀਲ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਮਹਿੰਦਰ ਕੌਰ ਪਤਨੀ ਭੋਲਾ ਸਿੰਘ ਵਾਸੀ ਕੁੱਬੇ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਭਰਾ ਕਰਮਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਭੱਠਲਾ ਨੇ ਕਿਹਾ ਸੀ ਕਿ ਉਸ ਦੀ ਪਤਨੀ ਦੇ ਵਕੀਲ ਸਿੰਘ ਵਾਸੀ ਕੱਟੂ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਹਨ ਜਿਸ ਲਈ ਉਸ ਦਾ ਭਰਾ ਕਰਮਜੀਤ ਹਮੇਸ਼ਾਂ ਜਸਵਿੰਦਰ ਕੌਰ ਨੂੰ ਰੋਕ ਟੋਕ ਕਰਦਾ ਸੀ ਪਰ ਜਦੋਂ ਉਹ ਨਾ ਮੰਨੀ ਤਾਂ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।