ਪੱਤਰ ਪ੍ਰੇਰਕ
ਬੋਹਾ, 13 ਮਾਰਚ
ਹਲਕਾ ਬੁਢਲਾਡਾ ਤੋਂ ਦੂਜੀ ਵਾਰ ਬਣੇ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਬੋਹਾ ਵਿੱਚ ਪਹੁੰਚ ਕੇ ਇਕ ਕਾਫਲੇ ਦੇ ਰੂਪ ’ਚ ਜੇਤੂ ਮਾਰਚ ਕੀਤਾ। ਮਾਰਚ ਦਾ ਬੋਹਾ ਵਾਸੀਆਂ ਨੇ ਭਰਪੂਰ ਸਵਾਗਤ ਕੀਤਾ। ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਉਹ ਹਲਕੇ ਦੇ ਹਰ ਵੋਟਰ ਦੇ ਰਿਣ੍ਹੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਦੂਸਰੀ ਵਾਰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਉਨ੍ਹਾਂ ਆਖਿਆ ਹੈ ਕਿ ਪੰਜਾਬ ਅੰਦਰ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਇੱਕ ਨਵੇਂ ਇਨਕਲਾਬ ਦੀ ਸ਼ੁਰੂਆਤ ਹੋਈ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਤਰੱਕੀ ਅਤੇ ਖੁਸ਼ਹਾਲੀ ਦੀਆਂ ਬੁਲੰਦੀਆਂ ਨੂੰ ਛੂਹੇਗਾ। ਪ੍ਰਿੰਸੀਪਲ ਬੁੱਧ ਰਾਮ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਵਿਰੋਧੀਆਂ ’ਤੇ ਪਰਚੇ ਪਵਾਉਣ ਅਤੇ ਲੋਕ ਭਲਾਈ ਸਕੀਮਾਂ ਵਿੱਚ ਪੱਖਪਾਤੀ ਰਵੱਈਆ ਅਪਣਾਉਣ ਵਾਲੇ ਸੱਭਿਆਚਾਰ ਨੂੰ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਵਿਧਾਨ ਸਭਾ ਖੇਤਰ ਦੇ ਹਰੇਕ ਨਿਵਾਸੀ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਨਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਦਰਸ਼ਨ ਘਾਰੂ, ਸੁਨੀਲ ਕੁਮਾਰ ਬੰਟੀ ਮੌਜੂਦ ਸਨ।
ਮੁਸ਼ਕਲਾਂ ਦੀ ਸੂਰਤ ਵਿੱਚ ਮੇਰੇ ਨਾਲ ਸੰਪਰਕ ਕੀਤਾ ਜਾਵੇ: ਬੁੱਧ ਰਾਮ
ਬਰੇਟਾ (ਪੱਤਰ ਪ੍ਰੇਰਕ): ਇਸ ਹਲਕੇ ਤੋਂ ਦੂਜੀ ਵਾਰ ਆਪ ਦੇ ਜੇਤੂ ਰਹੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਹੈ ਕਿ ਹੁਣ ਸਰਕਾਰੀ ਦਫ਼ਤਰਾਂ ’ਚ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਨਾ ਹੀ ਰਿਸ਼ਵਤਖੋਰੀ ਚੱਲੇਗੀ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਪੇਸ਼ ਆਵੇ ਤਾਂ ਉਹ ਤੁਰੰਤ ਉਨ੍ਹਾਂ ਨੂੰ ਫੋਨ ਤੇ ਜਾਣਕਾਰੀ ਦੇਣ ਤਾਂ ਜੋ ਉਨ੍ਹਾਂ ਦੀ ਮੁਸ਼ਕਿਲ ਦਾ ਤੁਰੰਤ ਹੱਲ ਹੋਵੇਗਾ।