ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਗਸਤ
ਕਪਾਹ ਪੱਟੀ ਵਿੱਚ ਅਚਾਨਕ ਬੀਟੀ ਕਾਟਨ ’ਤੇ ਹਰਾ ਤੇਲਾ ਅਤੇ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਹੈ, ਜਿਸ ਤੋਂ ਘਬਰਾ ਕੇ ਕੁਝ ਕਿਸਾਨਾਂ ਨੇ ਆਪਣੀ ਫ਼ਸਲ ਦੇ ਬਚਾਅ ਲਈ ਸਪਰੇਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਖੇਤੀ ਵਿਭਾਗ ਨੇ ਕਿਸਾਨਾਂ ਨੂੰ ਵੇਖਾ-ਵੇਖੀ ਸਪੇਰਆਂ ਕਰਨ ਤੋਂ ਵਰਜਿਆ ਹੈ। ਮਹਿਕਮੇ ਦੇ ਮਾਹਿਰਾਂ ਨੇ ਇਸ ਹਮਲੇ ਨੂੰ ਮਾਮੂਲੀ ਮੰਨਿਆ ਹੈ ਅਤੇ ਇਸ ਨੂੰ ਈਟੀਐੱਲ ਲੈਵਲ ਤੋਂ ਥੱਲੇ ਕਰਾਰ ਦਿੱਤਾ ਹੈ। ਬੇਸ਼ੱਕ ਕਿਸਾਨਾਂ ਵੱਲੋਂ ਨਰਮੇ ਦੀ ਫ਼ਸਲ ਉੱਤੇ ਹਰੇ ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਲਈ ਅਨੇਕਾਂ ਥਾਵਾਂ ’ਤੇ ਸਪਰੇਆਂ ਛਿੜਕਣ ਦੇ ਮਾਮਲੇ ਵੀ ਸਾਹਮਣੇ ਆਏ ਹਨ, ਪਰ ਵਿਭਾਗ ਵੱਲੋਂ ਕੀਤੇ ਤਾਜ਼ਾ ਸਰਵੇਖਣ ਦੌਰਾਨ ਇਸ ਹਮਲੇ ਦਾ ਮਾਮਲਾ ਖੇਤਾਂ ਵਿਚ ਕਿਧਰੇ ਵੀ ਖੁੱਲਕੇ ਸਾਹਮਣੇ ਨਹੀਂ ਆਇਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੀ ਅਗਵਾਈ ਹੇਠਲੀ ਟੀਮ ਨੇ ਖੇਤਾਂ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਨਰਮੇ ਦੀ ਫ਼ਸਲ ਦਾ ਚਿੱਟੀ ਮੱਖੀ ਕਾਰਨ ਨੁਕਸਾਨ ਹੋਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਭਾਗ ਦੇ ਅਧਿਕਾਰੀ ਖੇਤਾਂ ਵਿੱਚ ਨਹੀਂ ਜਾਂਦੇ ਹਨ, ਸਗੋਂ ਦਫ਼ਤਰਾਂ ਵਿੱਚ ਬੈਠ ਕੇ ਫ਼ਸਲ ਨੂੰ ਠੀਕ ਹੋਣ ਦੀ ਫਾਈਲਾਂ ਭਰੀ ਜਾਂਦੇ ਹਨ।
ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਤੇ ਸਹਾਇਕ ਅਫ਼ਸਰ ਡਾ. ਮਨੋਜ ਕੁਮਾਰ ਨੇ ਖੇਤਾਂ ਦਾ ਦੌਰਾ ਕਰਨ ਤੋਂ ਪਿੱਛੋਂ ਦੱਸਿਆ ਕਿ ਹਰੇ ਤੇਲੇ ਤੇ ਚਿੱਟੀ ਮੱਖੀ ਦਾ ਭਾਵੇਂ ਕਿਤੇ-ਕਿਤੇ ਹਮਲਾ ਹੋ ਗਿਆ ਹੈ, ਪਰ ਇਹ ਫਿਲਹਾਲ ਕੰਟਰੋਲ ਹੇਠ ਹੈ, ਜਿਸ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਮੀਂਹ ਪੈਣ ਨਾਲ ਨਰਮੇ ਉਪਰ ਹਮਲਾ ਕਰਨ ਵਾਲੇ ਸਭ ਜੀਵ-ਜੰਤੂਆਂ ਦਾ ਖਾਤਮਾ ਹੋ ਜਾਣਾ ਹੈ।