ਪਵਨ ਗੋਇਲ
ਭੁੱਚੋ ਮੰਡੀ, 3 ਜੁਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਫਾਰਮ ਸਲਾਹਕਾਰ ਸੇਵਾ ਕੇਂਦਰ ਬਠਿੰਡਾ ਦੇ ਖੇਤੀ ਵਿਗਿਆਨੀਆਂ ਨੇ ਪਿੰਡ ਭੁੱਚੋ ਕਲਾਂ ਵਿੱਚ ਨਰਮੇ ਦੀ ਫ਼ਸਲ ਦਾ ਨਿਰੀਖਣ ਕੀਤਾ। ਡਾ. ਅਮਰਜੀਤ ਸੰਧੂ ਅਤੇ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਾਰੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਦੇਖਣ ਨੂੰ ਮਿਲਿਆ ਅਤੇ ਹਰਾ ਤੇਲਾ ਵੀ ਫ਼ਸਲਾਂ ਨੂੰ ਲੱਗਿਆ ਹੋਇਆ ਸੀ। ਇਸ ਦੌਰਾਨ ਗੁਲਾਬੀ ਸੁੰਡੀ ਨਜ਼ਰ ਨਹੀਂ ਆਈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਤੋਂ ਚੌਕਸ ਰਹਿਣ। ਉਨ੍ਹਾਂ ਕਿਹਾ ਕਿ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਲਈ ਨਿੰਬੀਸਡੀਨ ਜਾਂ ਅਚੂਕ ਇੱਕ ਲਿਟਰ ਜਾਂ ਪੀਏਯੂ ਨਿੰਮ ਦਾ ਘੋਲ 12 ਸੌ ਮਿਲੀਲਿਟਰ ਦਾ ਪ੍ਰਤੀ ਏਕੜ ਛਿੜਕਾਅ ਕੀਤਾ ਜਾਵੇ। ਇਸ ਸਬੰਧੀ ਹੋਰ ਸਲਾਹ ਲੈਣ ਲਈ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ।
ਝੁਨੀਰ (ਪੱਤਰ ਪ੍ਰੇਰਕ): ਇਲਾਕੇ ਦੇ ਕਿਸਾਨ ਆਗੂ ਮਲਕੀਤ ਸਿੰਘ ਕੋਟਧਰਮੂ, ਦਲੇਲ ਸਿੰਘ ਮੀਆਂ, ਲੀਲਾ ਸਿੰਘ ਭੰਮਾ, ਮਿੱਠੂ ਸਿੰਘ ਭਲਾਈਕੇ, ਉੱਗਰ ਸਿੰਘ ਲਾਲਿਆਂਵਾਲੀ ਅਤੇ ਰਾਣੀ ਕੌਰ ਭੰਮਾ ਨੇ ਦੱਸਿਆ ਕਿ ਇਸ ਸਮੇਂ ਝੁਨੀਰ ਖੇਤਰ ਦੇ ਪਿੰਡਾਂ ਵਿੱਚ ਸਰ੍ਹੋਂ ਦੀ ਕਾਸ਼ਤ ਵਾਲੇ ਖੇਤਾਂ ਵਿੱਚ ਬੀਜੀ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਨੇ ਜ਼ੋਰਦਾਰ ਹਮਲਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਇਹ ਸੁੰਡੀ ਕਿਸੇ ਵੀ ਕੀਟਨਾਸ਼ਕ ਦਾ ਛਿੜਕਾਅ ਕਰਨ ਨਾਲ ਵੀ ਨਹੀਂ ਮਰ ਰਹੀ ਹੈ।
ਇਸ ਸਬੰਧੀ ਕਿਸਾਨਾਂ ਨੇ ਮੰਗ ਕੀਤੀ ਕਿ ਗੁਲਾਬੀ ਸੁੰਡੀ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਖੇਤੀ ਮਾਹਿਰਾਂ ਵੱਲੋਂ ਸਿਖਲਾਈ ਕੈਂਪ ਲਗਾਏ ਜਾਣ। ਪੀੜਤ ਕਿਸਾਨਾਂ ਨੂੰ 50 ਫ਼ੀਸਦੀ ਉਪਦਾਨ ’ਤੇ ਲੋੜੀਂਦੇ ਕੀਟਨਾਸ਼ਕ ਦਿੱਤੇ ਜਾਣ। ਕਿਸਾਨਾਂ ਨੇ ਦੱਸਿਆ ਕਿ ਕਈ ਪਿੰਡਾਂ ਵਿੱਚ ਤਾਂ ਕਿਸਾਨਾਂ ਨੇ ਗੁਲਾਬੀ ਸੁੰਡੀ ਦੀ ਮਾਰ ਵਿਚ ਆਈ ਨਰਮੇ ਦੀ ਫ਼ਸਲ ਵਾਹ ਦਿੱਤੀ ਹੈ। ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਕਿਸਾਨਾਂ ਦੀ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਲਾਕੇ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਵਿਚ ਪਿਛਲੇ ਸਾਲ ਵੀ ਗੁਲਾਬੀ ਸੁੰਡੀ ਨੇ ਨਰਮੇ ਦੀ ਬਿਲਕੁਲ ਤਿਆਰ ਫ਼ਸਲ ਕੁਝ ਹੀ ਦਿਨਾਂ ਵਿੱਚ ਤਬਾਹ ਕਰ ਦਿੱਤੀ ਸੀ। ਇਸ ਕਾਰਨ ਕਿਸਾਨਾਂ ਦੀ ਆਰਥਿਕਤਾ ਬਿਲਕੁਲ ਤਬਾਹ ਹੋ ਗਈ ਸੀ।