ਜੋਗਿੰਦਰ ਸਿੰਘ ਮਾਨ
ਮਾਨਸਾ, 17 ਸਤੰਬਰ
ਗੁਲਾਬੀ ਸੁੰਡੀ ਦੇ ਝੰਬੇ ਕਿਸਾਨ ਹੁਣ ਜਦੋਂ ਮੰਡੀ ਵਿੱਚ ਵੇਚਣ ਲਈ ਅਗੇਤਾ ਨਰਮਾ ਲੈ ਕੇ ਆਉਣ ਲੱਗੇ ਹਨ ਤਾਂ ਉਨ੍ਹਾਂ ਨੂੰ ਆਸ ਬੱਝੀ ਹੈ ਕਿ ਐਤਕੀ ਮੰਡੀਆਂ ਵਿੱਚ ਮਿਹਨਤ ਦਾ ਮੁੱਲ ਪਵੇਗਾ। ਇਹ ਪਹਿਲੀ ਵਾਰ ਹੋਇਆ ਜਾਪਦਾ ਹੈ ਕਿ ਅਗੇਤੀ ਫ਼ਸਲ ਮੰਡੀ ਵਿੱਚ ਆਉਂਦਿਆਂ ਹੀ ਐੱਮਐੱਸਪੀ ਤੋਂ ਵੱਧ ਭਾਅ ਵਿਕੀ ਹੋਵੇ। ਮੰਡੀਆਂ ਵਿੱਚ ਅਗੇਤਾ ਨਰਮਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਬੇਸ਼ੱਕ ਇਸ ਵਾਰ ਗੁਲਾਬੀ ਸੁੰਡੀ ਦੇ ਹਮਲੇ ਨੇ ਡਰਾ ਰੱਖਿਆ ਹੈ, ਪਰ ਕਿਸਾਨਾਂ ਨੂੰ ਫ਼ਸਲ ਦੇ ਚੰਗੇ ਭਾਅ ਦੀ ਉਮੀਦ ਬੱਝੀ ਹੈ।
ਨਰਮੇ ਦੇ ਖਰੀਦਦਾਰ ਅਤੇ ਆੜ੍ਹਤੀਆਂ ਨੇ ਭਾਅ ਪੱਖੋਂ ਵੀ ਇਸ ਜਿਣਸ ਦੇ ਚੰਗੀ ਰਹਿਣ ਦੀ ਆਸ ਪ੍ਰਗਟਾਈ ਹੈ। ਜੇਕਰ ਝਾੜ ਚੰਗਾ ਰਹਿੰਦਾ ਹੈ ਤਾਂ ਮਾਲਵਾ ਖੇਤਰ ਵਿੱਚ ਚਿਰਾਂ ਤੋਂ ਡਾਵਾਂਡੋਲ ਹੋਈ ਆਰਥਿਕਤਾ ਲੀਹ ’ਤੇ ਆ ਸਕਦੀ ਹੈ। ਅੱਜ ਮਾਨਸਾ ਦੀ ਮੰਡੀ ਵਿਚ 7000 ਰੁਪਏ ਨਰਮੇ ਦੀ ਖਰੀਦ ਹੋਈ ਹੈ, ਜਦੋਂ ਕਿ ਅਜੇ ਇਹ ਨਰਮਾ ਚੰਗੀ ਤਰ੍ਹਾਂ ਖਿੜਿਆ ਨਹੀਂ ਸੀ ਹੋਇਆ। ਵੇਰਵਿਆਂ ਅਨੁਸਾਰ ਇਸ ਵਾਰ ਲੰਬੇ ਰੇਸ਼ੇ ਵਾਲੇ ਨਰਮੇ ਦੀ ਕੀਮਤ 6025 ਰੁਪਏ ਦੱਸੀ ਜਾਂਦੀ ਹੈ।
ਮਾਰਕੀਟ ਕਮੇਟੀ ਤੋਂ ਪ੍ਰਾਪਤ ਕੀਤੇ ਵੇਰਵਿਆਂ ਮੁਤਾਬਕ ਬੇਸ਼ੱਕ ਮੰਡੀ ਵਿੱਚ ਅਜੇ ਕਿਸਾਨ ਤਾਜ਼ਾ ਚੁਗਿਆ ਨਰਮਾ ਥੋੜ੍ਹਾ-ਥੋੜ੍ਹਾ ਕਰਕੇ ਲੈ ਕੇ ਆ ਰਹੇ ਹਨ, ਪਰ ਵਪਾਰਕ ਹਲਕਿਆਂ ਦਾ ਕਹਿਣਾ ਹੈ ਕਿ ਇਸ ਨਰਮੇ ਦੀ ਕੀਮਤ ਜੇਕਰ ਅੱਜ-ਕੱਲ੍ਹ ਕਰੀਬ 7000 ਰੁਪਏ ਦੇ ਨੇੜੇ-ਤੇੜੇ ਪੁੱਜੀ ਹੈ ਤਾਂ ਜਿਸ ਵੇਲੇ ਫ਼ਸਲ ਦਾ ਫੁੱਲ ਖਿੜਾਅ ਹੋਵੇਗਾ ਅਤੇ ਵਪਾਰੀਆਂ ਦਾ ਫੁੱਲ ਮੁਕਾਬਲਾ ਹੋਵੇਗਾ ਤਾਂ ਉਸ ਵੇਲੇ ਜਿਣਸ ਦਾ ਭਾਅ 8 ਹਜ਼ਾਰ ਰੁਪਏ ਤੋਂ ਉਚਾ ਜਾਣ ਦੀ ਗੁੰਜਾਇਸ਼ ਵਿਖਾਈ ਦਿੰਦੀ ਹੈ।
ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਸੁਰੇਸ਼ ਕੁਮਾਰ ਨੰਦਗੜ੍ਹੀਆ ਨੇ ਦੱਸਿਆ ਕਿ ਅੱਜ ਮੰਡੀ ਵਿਚ ਜਿਹੜੇ ਕਿਸਾਨ ਨਰਮੇ ਨੂੰ ਵੇਚਣ ਲਈ ਲੈ ਕੇ ਆਏ, ਉਨ੍ਹਾਂ ਨੂੰ ਲਗਪਗ 7000 ਰੁਪਏ ਦੇ ਹਿਸਾਬ ਨਾਲ ਭਾਅ ਮਿਲਿਆ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਐੱਮਐੱਸਪੀ ਤੋਂ ਉਪਰ ਨਰਮਾ ਵਿਕ ਰਿਹਾ ਹੈ।
ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਅਗੇਤਾ ਨਰਮਾ ਮੰਡੀਆਂ ਵਿਚ ਆਉਣਾ ਸੱਚਮੁੱਚ ਵੱਡੀ ਇਨਕਲਾਬੀ ਤਬਦੀਲੀ ਹੈ, ਜਿਸ ਨਾਲ ਇਕੱਲੀ ਕਿਸਾਨੀ ਨੂੰ ਹੀ ਲਾਭ ਨਹੀਂ ਹੋਇਆ, ਸਗੋਂ ਇਸ ਨਾਲ ਆੜਤੀਏ, ਕਾਰਖਾਨੇਦਾਰ, ਮਾਰਕਿਟ ਕਮੇਟੀ ਅਤੇ ਹੋਰ ਧਿਰਾਂ ਨੂੰ ਮੁਨਾਫ਼ਾ ਹੋਇਆ ਹੈ।
ਕੈਪਸ਼ਨ: ਮਾਨਸਾ ਦੀ ਆਧੁਨਿਕ ਕਪਾਹ ਮੰਡੀ ਵਿੱਚ ਸ਼ੁੱਕਰਵਾਰ ਨੂੰ ਵਿਕਣ ਨੂੰ ਨਰਮੇ ਦੀ ਲੱਗ ਰਹੀ ਬੋਲੀ ਦਾ ਦ੍ਰਿਸ਼।