ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਜੁਲਾਈ
ਪੇਂਡੂ ਖੇਤਰ ਦੇ ਸੇਮ ਨਾਲਿਆਂ ’ਚ ਸੀਵਰੇਜ ਦਾ ਗੰਦਾਂ ਪਾਣੀ ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ। ਮੋਗਾ ’ਚ ਸਥਾਪਤ 27 ਕਰੋੜ ਦੀ ਲਾਗਤ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਇਸ ਪਲਾਂਟ ਵੱਲੋਂ ਸਾਫ਼ ਕੀਤਾ ਗੰਦਾ ਪਾਣੀ ਖੇਤਾਂ ਲਈ ਕਿਸਾਨਾਂ ਨੂੰ ਦੇਣ ਦੀ ਯੋਜਨਾ ਸੀ ਪਰ 8 ਸਾਲਾਂ ਮਗਰੋਂ ਯੋਜਨਾ ਉੱਤੇ ਅਮਲ ਨਹੀਂ ਹੋਇਆ ਤੇ ਸਾਫ਼ ਕੀਤਾ ਗੰਦਾ ਪਾਣੀ ਮੁੜ ਸੇਮ ਨਾਲੇ ਵਿੱਚ ਹੀ ਜਾ ਰਿਹਾ ਹੈ। ਐੱਨਜੀਟੀ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ 9 ਜੁਲਾਈ ਨੂੰ ਮੋਗਾ ਵਿੱਚ ਹੋਣ ਵਾਲੀ ਐੱਨਜੀਟੀ ਮੋਨੀਟਰਿੰਗ ਕਮੇਟੀ ਵੱਲੋਂ ਸੇਮ ਨਾਲਾ (ਡਰੇਨ) ਦਾ ਜਾਇਜ਼ਾ ਲਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਆਬੋ-ਹਵਾ ਨੂੰ ਗੰਧਲਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਆਪਣੀ ਨੈਤਿਕ ਡਿਊਟੀ ਨਿਭਾਉਣੀ ਚਾਹੀਦੀ ਹੈ। ਸਾਫ ਪੀਣ ਵਾਲਾ ਪਾਣੀ ਤੇ ਆਬੋ ਹਵਾ ਮਨੁੱਖਤਾ ਨਾਲ ਜੁੜੇ ਹੋਏ ਮੁੱਦੇ ਹਨ। ਪੰਜਾਬ ’ਚ ਪਿੰਡ ਵਾਸੀਆਂ ਤੇ ਪਰਵਾਸੀ ਪੰਜਾਬੀਆਂ ਦੀ ਮੱਦਦ ਨਾਲ ਸੈਂਕੜੇ ਪਿੰਡਾਂ ਵਿੱਚ ਛੱਪੜਾਂ ਦਾ ਪਾਣੀ ਸੋਧ ਕੇ ਖੇਤੀ ਵਰਤੋਂ ’ਚ ਲਿਆਂਦਾ ਗਿਆ ਹੈ। ਵਾਤਾਵਰਣ ਪ੍ਰੇਮੀ ਡਾ. ਹਰਨੇਕ ਸਿੰਘ ਰੋਡੇ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਦੀ ਹੱਦ ਉੱਤੇ ਪਿੰਡ ਸਿੰਘਾਂਵਾਲਾ ਕੋਲੋਂ ਲੰਘਦਾ ਸੇਮ ਨਾਲਾ (ਡਰੇਨ) ਤੇ ਪਿੰਡ ਵੱਡਾ ਘਰ ਕੋਲੋਂ ਲੰਘਦਾ ਸੇਮ ਨਾਲਾ (ਡਰੇਨ) ’ਚ ਵਗ ਰਿਹਾ ਸੀਵਰੇਜ ਦਾ ਗੰਦਾ ਪਾਣੀ ਵਾਤਾਵਰਣ ਹੀ ਦੂਸ਼ਿਤ ਨਹੀਂ ਕਰ ਰਿਹਾ ਸਗੋਂ ਦਰਜਨਾ ਪਿੰਡਾਂ ਲਈ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸੇਮ ਨਾਲੇ (ਡਰੇਨ) ਸਿਰਫ਼ ਕੁਦਰਤੀ ਸਰੋਤ ਬਾਰਸਾਂ ਦਾ ਵਾਧੂ ਪਾਣੀ ਸਾਂਭਣ ਲਈ ਬਣੇ ਹਨ ਪਰ ਹੁਣ ਗੰਦਾ ਬਦਬੂਦਾਰ ਪਾਣੀ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਸੂਬੇ ’ਚ ਪਾਣੀ ਦਾ ਪੱਧਰ 5 ਦਹਾਕੇ ਪਹਿਲਾਂ 30 ਫੁੱਟ ’ਤੇ ਸੀ, ਅੱਜ 250 ਫੁੱਟ ਤੋਂ ਵੱਧ ਹੇਠਾਂ ਚਲਾ ਗਿਆ ਹੈ। ਉਹ ਵੀ ਸ਼ੁੱਧ ਨਹੀਂ ਯੂਰੇਨੀਅਮ ਵਰਗਾ ਜ਼ਹਿਰ ਪਾਣੀ ਹੈ। ਸਮਾਜ ਸੇਵੀ ਰੂਰਲ ਐਨਜੀਓ ਚੇਅਰਮੈਨ ਮਹਿੰਦਰਪਾਲ ਲੂੰਬਾ ਨੇ ਕਿਹਾ ਕਿ ਕਿਸੇ ਵੇਲੇ ਰਾਜ ਦਾ 47 ਫੀਸਦੀ ਭਾਗ ਜੰਗਲ ਹੇਠ ਸੀ ਤੇ ਹੁਣ ਕੇਵਲ 3 ਫੀਸਦੀ ਰਹਿ ਗਿਆ ਹੈ। ਇਨ੍ਹਾਂ ਵਰਤਾਰਿਆਂ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ। ਪੰਜਾਬ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਪਾਣੀ ਦੀ ਵਰਤੋਂ ਕਰਨ ਵਾਲੀਆਂ ਸਨਅਤਾਂ ਨੂੰ ਡਾਰਕ ਜ਼ੋਨਾਂ ’ਚ ਲਗਾਉਣ ਲਈ ਲਾਇਸੈਂਸ ਤੱਕ ਨਹੀਂ ਮਿਲ ਰਹੇ ਤੇ ਸਨਅਤ ਤੋਂ ਬਿਨਾਂ ਰੁਜ਼ਗਾਰ ਦੇ ਮੌਕੇ ਪੈਦਾ ਹੋਣੇ ਅਸੰਭਵ ਹਨ।