ਪੱਤਰ ਪ੍ਰੇਰਕ
ਜੈਤੋ, 9 ਫਰਵਰੀ
ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ’ਤੇ ਨਿਗਮ, ਕੌਂਸਲ ਤੇ ਨਗਰ ਪੰਚਾਇਤ ਚੋਣਾਂ ਵਿੱਚ ਧੱਕੇਸ਼ਾਹੀ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਸ ਨੇ ਅਜਿਹਾ ਕਰਕੇ ਆਪਣੀ ਇਖ਼ਲਾਕੀ ਹਾਰ ਕਬੂਲ ਕਰ ਲਈ ਹੈ।
ਇੱਥੇ ਨਗਰ ਨਿਗਮ ਚੋਣਾਂ ਲਈ ‘ਆਪ’ ਦੇ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕਰ ਰਹੇ ਪਾਰਟੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਇਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਉਹ ਸੱਤਾ ਦੀ ਦੁਰਵਰਤੋਂ ਅਤੇ ਗੁੰਡਾਗਰਦੀ ਦੇ ਬਲਬੂਤੇ ਆਪਣੇ ਉਮੀਦਵਾਰ ਜਿਤਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਤੋਂ ਇਲਾਵਾ ਭਾਜਪਾ ਦੀਆਂ ਨੀਤੀਆਂ ਲੋਕ ਦੋਖੀ ਹਨ। ਉਨਾਂ ਦਿੱਲੀ ’ਚ ਚੱਲ ਰਹੀ ਕੇਜਰੀਵਾਲ ਸਰਕਾਰ ਵੱਲੋਂ ਲੋਕ ਭਲੇ ਲਈ ਕੀਤੇ ਕੰਮਾਂ ਦਾ ਵਿਸਥਾਰਤ ਜ਼ਿਕਰ ਕਰਦਿਆਂ, ਵੋਟਰਾਂ ਨੂੰ ਅਪੀਲ ਰਵਾਇਤੀ ਸਿਆਸਤ ’ਚ ਬਦਲਾਅ ਲਈ ‘ਆਪ’ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਭ੍ਰਿਸ਼ਟਾਚਾਰ ਦੇ ਪਾਸਾਰੇ ਲਈ ਰਵਾਇਤੀ ਪਾਰਟੀਆਂ ਜ਼ਿੰਮੇਵਾਰ ਹਨ।