ਨਿੱਜੀ ਪੱਤਰ ਪ੍ਰੇਰਕ
ਮੋਗਾ, 7 ਅਗਸਤ
ਇੱਥੇ ਥਾਣਾ ਸਿਟੀ ਪੁਲੀਸ ਨੇ ਧੋਖਾਧੜੀ ’ਚ ਫਸੇ ਟਰੈਵਲ ਏਜੰਟ ਦੀ ਸ਼ਿਕਾਇਤ ਉੱਤੇ ਆਪੂੰ ਬਣੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਡਾਇਰੈਕਟਰ ਖ਼ਿਲਾਫ਼ ਠੱਗੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਨੌਸਰਬਾਜ਼ ਮੁਲਜ਼ਮ ਖ਼ਿਲਾਫ਼ ਪੁਲੀਸ ਅਧਿਕਾਰੀਆਂ ਦੇ ਨਾਂ ਉੱਤੇ 1.45 ਲੱਖ ਦੀ ਵਸੂਲੀ ਤੇ ਟਰੈਵਲ ਏਜੰਟ ਦੀ ਕਾਰ ਦੱਬਣ ਦਾ ਦੋਸ਼ ਹੈ। ਜਾਂਚ ਅਧਿਕਾਰੀ ਏਐੱਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਵਾਸੀ ਨਾਨਕ ਨਗਰੀ ਮੋਗਾ ਦੀ ਸ਼ਿਕਾਇਤ ਉੱਤੇ ਵਿਨੋਦ ਕੁਮਾਰ ਸ਼ਰਮਾ ਵਾਸੀ ਲੁਧਿਆਣਾ ਖ਼ਿਲਾਫ਼ ਉੱਚ ਅਧਿਕਾਰੀਆਂ ਦੀ ਮੁੱਢਲੀ ਪੜਤਾਲ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਹਰਵਿੰਦਰ ਸਿੰਘ ਇੱਥੇ ਇੰਸਪਾਇਰ ਐਜੂਕੇਸ਼ਨ ਸੈਂਟਰ ਦੇ ਨਾਂ ਉੱਤੇ ਆਇਲਸ ਕੋਰਸ ਕਰਵਾਉਂਦਾ ਸੀ। ਉਸ ਨੇ ਵਿਦਿਆਰਥੀਆਂ ਦੇ ਫੋਕਸ ਇਮੀਗ੍ਰੇਸ਼ਨ ਨਾਂ ਦੀ ਸੰਸਥਾ ਪਾਸੋਂ ਵੀਜ਼ੇ ਲਗਵਾਏ ਸਨ ਪਰ ਵੀਜ਼ੇ ਸਹੀ ਤਰੀਕੇ ਨਾਲ ਨਹੀਂ ਲਗਾਏ ਗਏ ਸਨ। ਇਸ ਕਰ ਕੇ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋ ਗਏ। ਇਸ ਬਾਅਦ ਪੀੜਤ ਵਿਦਿਆਰਥੀਆਂ ਦੀ ਸ਼ਿਕਾਇਤ ਉੱਤੇ ਥਾਣਾ ਸਿਟੀ ਵਿਚ ਸਾਲ 2019 ਵਿਚ ਦੋ ਐਫਆਈਆਰ ਦਰਜ ਹੋ ਗਈਆਂ।
ਟਰੈਵਲ ਏਜੰਟ ਹਰਵਿੰਦਰ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਉਹ ਮੁਲਜ਼ਮ ਵਿਨੋਦ ਕੁਮਾਰ ਸ਼ਰਮਾ ਨੇ ਆਪਣੇ ਆਪ ਨੂੰ ਡਾਇਰੈਕਟਰ ਹਿਊਮਨ ਰਾਈਟਸ ਕਮਿਸ਼ਨ ਦੱਸ ਕੇ, ਉਸ ਖ਼ਿਲਾਫ਼ ਦਰਜ ਦੋਵੇਂ ਐਫਆਈਆਰ ਰੱਦ ਕਰਵਾਉਣ ਲਈ ਪੁਲੀਸ ਅਫ਼ਸਰਾਂ ਦੇ ਨਾਂ ਉੱਤੇ 1.45 ਲੱਖ ਰੁਪਏ ਅਤੇ ਉਸ ਦੀ ਕਾਰ ਹੜੱਪ ਲਈ। ਪੁਲੀਸ ਨੇ ਪੜਤਾਲ ਮਗਰੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।