ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਅਪਰੈਲ
ਮਾਲਵਾ ਖਿੱਤੇ ’ਚ ਅਚਾਨਕ ਆਈ ਤੇਜ਼ ਬਾਰਿਸ਼ ਕਾਰਨ ਅਨਾਜ ਮੰਡੀਆਂ ਵਿੱਚ ਪਈ ਕਿਸਾਨਾਂ ਦੀ ਕਣਕ ਭਿੱਜ ਗਈ। ਇਸ ਖੇਤਰ ਵਿਚ ਮੀਂਹ ਨਾਲ ਗੜੇ ਵੀ ਪਏ ਹਨ ਅਤੇ ਤੇਜ਼ ਹਵਾਵਾਂ ਚੱਲੀਆਂ ਹਨ। ਇਸ ਤੋਂ ਪਹਿਲਾਂ ਨਮੀ ਬਹਾਨੇ ਏਜੰਸੀਆਂ ਵੱਲੋਂ ਖਰੀਦ ਨਾ ਕਰਨ ’ਤੇ ਮੰਡੀਆਂ ’ਚ ਕਿਸਾਨ ਖੁਆਰ ਹੋ ਰਹੇ ਸਨ ਜਿਨ੍ਹਾਂ ਦੀਆਂ ਮੁਸ਼ਕਲਾਂ ਹੁਣ ਹੋਰ ਵੱਧ ਗਈਆਂ ਹਨ। ਮੀਂਹ ਪੈਣ ਕਾਰਨ ਕਣਕ ਦੀ ਵਾਢੀ ਦਾ ਕੰਮ ਵੀ ਰੁਕ ਗਿਆ ਹੈ। ਬੇਮੌਸਮੀ ਮੀਂਹ ਨੇ ਮੰਡੀਆਂ ’ਚ ਖਰੀਦ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ ਜਿੱਥੇ ਖੁੱਲ੍ਹੇ ਆਸਮਾਨ ਹੇਠ ਪਈ ਕਿਸਾਨਾਂ ਦੀ ਕਣਕ ਦੀ ਫ਼ਸਲ ਭਿੱਜ ਗਈ ਹੈ। ਸਥਾਨਕ ਅਨਾਜ ਮੰਡੀ ਵਿਚ ਕਿਸਾਨ ਹਾਕਮ ਸਿੰਘ ਪਿੰਡ ਡਰੋਲੀ ਭਾਈ ਨੇ ਦੱਸਿਆ ਕਿ ਉਹ 3 ਦਿਨ ਤੋਂ ਅਤੇ ਰੇਸ਼ਮ ਸਿੰਘ ਪਿੰਡ ਕੋਰੇਵਾਲਾ ਨੇ ਦੱਸਿਆ ਕਿ ਉਹ ਦੋ ਤਿਨ ਤੋਂ ਅਨਾਜ ਮੰਡੀ ਵਿਚ ਬੈਠੇ ਹਨ ਪਰ ਸਰਕਾਰੀ ਖਰੀਦ ਏਜੰਸੀਆਂ ਨਿਰਧਾਰਿਤ ਮਾਪਦੰਡਾਂ ਤੋਂ ਵੱਧ ਨਮੀ ਦੱਸ ਕੇ ਕਣਕ ਦੀ ਖਰੀਦ ਨਹੀਂ ਕਰ ਰਹੀਆਂ। ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਨੇ ਉਨ੍ਹਾਂ ਨੂੰ ਕਣਕ ਆਪਣੇ ਘਰ ਲਿਜਾਣ ਦੀ ਸਲਾਹ ਦਿੱਤੀ ਹੈ ਕਿਉਂਕਿ ਮੀਂਹ ਨਾਲ ਨਮੀ ਹੋਰ ਵਧ ਗਈ ਹੈ। ਇਸ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ ਕਿਉਂਥਿ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਖੇਤਾਂ ਵਿੱਚ ਫਸਲ ਖ੍ਹੜੀ ਹੈ ਅਦੇ ਵਾਢੀ ਰੁਕ ਗਈ ਹੈ। ਹੁਣ ਕਈ ਦਿਨ ਕੰਬਾਈਨ ਖੇਤਾਂ ਵਿੱਚ ਨਹੀਂ ਚਲਾ ਸਕਦੇ ਕਿਸਾਨਾਂ ਨੇ ਕਿਹਾ ਖੇਤਾਂ ਵਿਚ ਪੱਕੀ ਫਸਲ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਕਿਰਤੀ ਕਿਸਾਨ ਯੂਨੀਅਨ ਆਗੂ ਕੁਲਦੀਪ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਖੁਖਰਾਣਾ ਅਨਾਜ ਮੰਡੀ ਦੀਆਂ ਸਮੱਸਿਆਵਾਂ ਦਸਦੇ ਹੋਏ ਮੋਗਾ-ਫ਼ਿਰੋਜਪੁਰ ਕੌਮੀ ਮਾਰਗ ਉੱਤੇ ਆਵਾਜਾਈ ਰੋਕ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਮੰਡੀਆਂ ’ਚ ਰੁਲਣਾ ਪੈ ਰਿਹਾ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਇਥੇ ਕਣਕ ਦੀ ਕੰਬਾਈਨਾਂ ਨਾਲ ਵਾਢੀ ਸ਼ੁਰੂ ਹੋ ਗਈ ਸੀ ਪਰ ਬੀਤੀ ਰਾਤ ਅਤੇ ਅੱਜ ਬਾਅਦ ਦੁਪਹਿਰ ਤੋਂ ਬਾਅਦ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਕਣਕ ਦੀ ਵਾਢੀ ਦਾ ਕੰਮ ਰੁਕ ਗਿਆ ਹੈ। ਕਣੀਆਂ ਪੈਣ ਕਾਰਨ ਕਣਕਾਂ ’ਚ ਨਮੀ ਵਧ ਗਈ ਜਿਸ ਕਾਰਨ ਕਿਸੇ ਵੀ ਖੇਤ ਵਿਚ ਅੱਜ ਕੰਬਾਈਨ ਅਤੇ ਕਣਕ ਦੀ ਵਾਢੀ ਦਾ ਕਾਰਜ ਨਹੀਂ ਚੱਲ ਸਕਿਆ ਹੈ। ਤੇਜ਼ ਹਵਾ ਕਾਰਨ ਤੂੜੀ ਬਣਾਉਣ ਦੇ ਕੰਮ ਵਿੱਚ ਰੁਕਵਾਟ ਪੈਦਾ ਹੋ ਗਈ। ਮੌਸਮ ਮਹਿਕਮੇ ਵੱਲੋਂ ਅਗਲੇ 48 ਘੰਟਿਆਂ ਦੌਰਾਨ ਰਾਜ ਵਿਚ ਮੌਸਮ ਖਰਾਬ ਰਹਿਣ ਦਾ ਅਨੁਮਾਨ।
ਜੈਤੋ/ਬਠਿੰਡਾ (ਸ਼ਗਨ ਕਟਾਰੀਆ): ਦੁਪਹਿਰ ਵਕਤ ਜੈਤੋ ਖੇਤਰ ’ਚ ਝੁੱਲੇ ਝੱਖੜ ਅਤੇ ਮੀਂਹ ਦੌਰਾਨ ਹੋਈ ਗੜੇਮਾਰੀ ਨੇ ਖੇਤਾਂ ’ਚ ਪੱਕੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ। ਬਠਿੰਡਾ ਏਰੀਏ ’ਚ ਵੀ ਦਿਨੇ ਹਲਕਾ ਛਰਾਟਾ ਤਾਂ ਆਇਆ ਪਰ ਫੌਰੀ ਸ਼ਾਂਤ ਹੋ ਗਿਆ ਜਿਸ ਸਦਕਾ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਅ ਹੀ ਰਿਹਾ। ਲਹਿੰਦੇ ਵੱਲੋਂ ਆਏ ਬੱਦਲਾਂ ਨੇ ਚੜ੍ਹਦੇ ਵੱਲ ਨੂੰ ਰਵਾਨਗੀ ਕਰਦਿਆਂ ਜੈਤੋ ਖਿੱਤੇ ’ਚ ਕਰੀਬ ਅੱਧਾ ਘੰਟਾ ਵਰਖਾ ਕੀਤੀ। ਮੀਂਹ ਦੇ ਨਾਲ ਹੀ ਤੇਜ਼ ਹਵਾ ਅਤੇ ਬਰੀਕ ਗੜਿਆਂ ਨੇ ਮੌਸਮ ਦਾ ਤਵਾਜ਼ਨ ਵਿਗਾੜਿਆ। ਅਚਾਨਕ ਹੋਈ ਬਾਰਿਸ਼ ਨਾਲ ਖੇਤਾਂ ’ਚ ਖੜ੍ਹੀ ਕਣਕ ਤੇ ਸਰ੍ਹੋਂ ਦੀ ਪੱਕੀ ਫ਼ਸਲ ਨੂੰ ਧਰਤੀ ’ਤੇ ਵਿਛਾ ਦਿੱਤਾ। ਮੰਡੀਆਂ ’ਚ ਵਿਕਣ ਲਈ ਅਣਢਕੀ ਪਈ ਫ਼ਸਲ ਵੀ ਭਿੱਜ ਗਈ। ਝੱਖੜ ਸਦਕਾ ਜੈਤੋ-ਕੋਟਕਪੂਰਾ ਮੁੱਖ ਮਾਰਗ ਦੇ ਕੰਢੇ ਲੱਗੇ ਬਿਜਲੀ ਦੇ ਕਰੀਬ ਇਕ ਦਰਜਨ ਖੰਭੇ ਵੀ ਸੜਕ ’ਤੇ ਡਿੱਗ ਪਏ। ਇਕ ਖੰਭਾ ਇਥੋਂ ਲੰਘ ਰਹੀ ਨਿੱਜੀ ਕੰਪਨੀ ਦੀ ਇਕ ਬੱਸ ’ਤੇ ਡਿੱਗਾ, ਜਿਸ ਨਾਲ ਬੱਸ ਉਥੇ ਹੀ ਰੁਕ ਗਈ। ਜੈਤੋ-ਬਠਿੰਡਾ ਰੋਡ ’ਤੇ ਵੀ ਇਕ ਬਿਜਲੀ ਦਾ ਖੰਭਾ ਤੇਜ਼ ਹਵਾ ਨਾਲ ਡਿੱਗ ਪਿਆ। ਸਿੱਟੇ ਵਜੋਂ ਜੈਤੋ ਅਤੇ ਆਸ ਪਾਸ ਦੇ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ।