ਜੋਗਿੰਦਰ ਸਿੰਘ ਮਾਨ
ਮਾਨਸਾ, 23 ਅਪਰੈਲ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 24 ਘੰਟਿਆਂ ਦੇ ਅੰਦਰ ਕਣਕ ਦੀ ਫ਼ਸਲ ਦੀ ਅਦਾਇਗੀ ਕਰਨ ਦੇ ਸਭ ਦਾਅਵੇ ਠੁੱਸ ਹੋ ਗਏ ਹਨ। ਇਥੇ ਕਿਸਾਨਾਂ ਨੂੰ ਕਣਕ ਵੇਚਿਆਂ ਨੂੰ 7-7 ਦਿਨ ਹੋ ਗਏ ਹਨ ਪਰ ਅੱਜ ਤੱਕ ਅਦਾਇਗੀ ਨਹੀਂ ਹੋਈ ਹੈ। ਅਨੇਕਾਂ ਥਾਵਾਂ ਤੋਂ 15-15 ਦਿਨ ਅਦਾਇਗੀ ਨਾ ਹੋਣ ਦੇ ਕਿਸਾਨ ਜਥੇਬੰਦੀਆਂ ਵੱਲੋਂ ਦੋਸ਼ ਲਾਏ ਗਏ ਹਨ। ਮਾਲਵਾ ਖੇਤਰ ਦੇ ਬਹੁਤੇ ਖਰੀਦ ਕੇਂਦਰਾਂ ਵਿੱਚ ਲਿਫਟਿੰਗ ਦਾ ਵੀ ਮਾੜਾ ਹਾਲ ਹੈ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਜਿਣਸ ਮੰਡੀ ਵਿੱਚ ਲਿਆਉਣ ਲਈ ਤਕਲੀਫ਼ ਹੋ ਰਹੀ ਹੈ। ਮਾੜੇ ਮੌਸਮ ਨੇ ਕਿਸਾਨਾਂ ਦੀਆਂ ਦਿੱਕਤਾਂ ਵਧਾ ਦਿੱਤੀਆਂ ਹਨ। ਮਾਨਸਾ ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਨੇ ਦੱਸਿਆ ਕਿ ਭਾਵੇਂ ਜ਼ਿਲ੍ਹੇ ਦੀਆਂ ਕਈ ਮੰਡੀਆਂ ਵਿੱਚ ਅਪਰੈਲ ਦੇ ਦੂਜੇ ਹਫ਼ਤੇ ਤੋਂ ਹੀ ਕਣਕ ਦੀ ਖਰੀਦ ਸ਼ੁਰੂ ਹੋ ਗਈ ਸੀ, ਪਰ ਕਈ ਥਾਵਾਂ ’ਤੇ ਅੱਜ ਤੱਕ ਖਰੀਦ ਏਜੰਸੀਆਂ ਵੱਲੋਂ ਕੋਈ ਪੈਸਾ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਈ ਖਰੀਦ ਏਜੰਸੀਆਂ ਵੱਲੋਂ 16 ਅਪਰੈਲ ਤੱਕ ਦੀ ਪੇਮੈਂਟ ਕੀਤੀ ਗਈ ਹੈ ਉਸ ਤੋਂ ਇਲਾਵਾ ਕੋਈ ਪੈਸਾ ਨਹੀਂ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੋਸ਼ ਲਾਇਆ ਕਿ ਪਿੰਡ ਬੋੜਾਵਾਲ, ਬੀਰੋਕੇ ਖੁਰਦ ਅਤੇ ਫਫੜੇ ਭਾਈਕੇ ਵਿੱਚ ਕਣਕ ਦੀ, ਜੋ 12 ਅਪਰੈਲ ਨੂੰ ਹੋਈ ਸੀ, ਉਸ ਦੀ ਅੱਜ ਤੱਕ ਕਿਸਾਨਾਂ ਨੂੰ ਅਦਾਇਗੀ ਨਹੀਂ ਕੀਤੀ ਗਈ ਹੈ। ਕਿਸਾਨਾਂ ਨੇ ਆਪਣੀਆਂ ਲਿਮਟਾਂ ਤੇ ਸਹਿਕਾਰੀ ਸਭਾਵਾਂ ਦੇ ਰੁਪਏ ਭਰਨੇ ਹਨ ਅਤੇ ਨਰਮਾ, ਹਰਾ ਚਾਰਾ ਅਤੇ ਝੋਨੇ ਦੇ ਬੀਜ ਨੂੰ ਖਰੀਦਣ ਤੋਂ ਅਸਮਰੱਥ ਹਨ। ਇਸੇ ਦੌਰਾਨ ਫੂਡ ਸਪਲਾਈ ਕੰਟਰੋਲਰ ਨੇ ਕਿਹਾ ਕਿ ਜਿਉਂ ਹੀ ਏਜੰਸੀਆਂ ਦੇ ਬਿੱਲ ਪ੍ਰਾਪਤ ਹੋ ਰਹੇ ਹਨ, ਤਿਉਂ ਹੀ ਉਸ ਦਾ ਭੁਗਤਾਨ ਕੀਤਾ ਜਾਂਦਾ ਹੈ।
ਕਿਸਾਨਾਂ ਅਤੇ ਆੜ੍ਹਤੀਆਂ ਨੂੰ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ: ਡੀਸੀ
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਦਾਇਗੀ ਨੂੰ ਲੈਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਹਰ ਸ਼ਾਮ ਨੂੰ ਬਕਾਇਦਾ ਰੂਪ ਵਿਚ ਜ਼ਿਲ੍ਹਾ ਅਧਿਕਾਰੀਆਂ ਦੀ ਖਰੀਦ ਏਜੰਸੀਆਂ ਦੇ ਮੁਖੀਆਂ ਅਤੇ ਖੁਰਾਕ ਸਪਲਾਈ ਕੰੰਟਰੋਲਰ ਨਾਲ ਮੀਟਿੰਗ ਕਰਵਾਈ ਜਾਂਦੀ ਹੈ। ਉਧਰ, ਅਦਾਇਗੀਆਂ ਸਬੰਧੀ ਹੋ ਰਹੀ ਦੇਰੀ ਪ੍ਰਤੀ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਜਲਦੀ ਅਦਾਇਗੀਆਂ ਕਰਵਾਉਣ ਦਾ ਉਪਰਾਲਾ ਕਰੇ ਤਾਂ ਕਿ ਕਿਸਾਨ ਵੇਲੇ ਸਿਰ ਨਰਮੇ ਲਈ ਬੀਜ, ਖਾਦ, ਡੀਜ਼ਲ ਦਾ ਬੰਦੋਬਸਤ ਕਰਕੇ ਬਿਜਾਈ ਕਰ ਸਕਣ।