ਜੋਗਿੰਦਰ ਸਿੰਘ ਮਾਨ
ਮਾਨਸਾ, 2 ਅਪਰੈਲ
ਮਾਲਵਾ ਖੇਤਰ ਵਿੱਚ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਹੱਥੀਂ ਵਾਢੀ ਸ਼ੁਰੂ ਹੋ ਗਈ ਹੈ। ਹਰ ਰੋਜ਼ ਮੌਸਮ ਵਿੱਚ ਆ ਰਹੀ ਤਬਦੀਲੀ ਨੂੰ ਲੈ ਕੇ ਕਿਸਾਨਾਂ ਨੂੰ ਡਰ ਹੈ ਕਿ ਕਣਕਾਂ ਧਰਤੀ ਉੱਤੇ ਵਿਛ ਨਾ ਜਾਣ। ਇਹ ਵਾਢੀ ਅਜੇ ਪੇਂਡੂ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਹੀ ਕੀਤੀ ਜਾ ਰਹੀ ਹੈ, ਜਦੋਂ ਕਿ ਪਰਵਾਸੀ ਮਜ਼ਦੂਰਾਂ ਦੀ ਅਜੇ ਆਮਦ ਨਹੀਂ ਹੋਈ।
ਪਤਾ ਲੱਗਿਆ ਹੈ ਕਿ ਇਸ ਵਾਰ ਤੂੜੀ ਦੇ ਰੇਟ ਵੱਧ ਹੋਣ ਦੇ ਡਰ ਕਾਰਨ ਕਿਸਾਨ ਹੱਥੀਂ ਵਾਢੀ ਨੂੰ ਤਰਜੀਹ ਦੇ ਰਹੇ ਹਨ। ਮਾਨਸਾ ਨੇੜਲੇ ਪਿੰਡ ਰੱਲਾ ਨੇੜੇ ਭਾਵੇਂ ਸਥਾਨਕ ਮਜ਼ਦੂਰਾਂ ਵੱਲੋਂ ਵਾਢੀ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ, ਪਰ ਕਿਸਾਨ ਅਜੇ ਵੀ ਪਰਵਾਸੀ ਮਜ਼ਦੂਰਾਂ ਦੀ ਉਡੀਕ ਕਰ ਰਹੇ ਹਨ।
ਪਿੰਡ ਰੱਲਾ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਅਤੇ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਤੂੜੀ ਦੇ ਲਾਲਚ ਲਈ ਖੇਤਾਂ ਵਿੱਚ ਪੇਂਡੂ ਮਜ਼ਦੂਰਾਂ ਨੇ ਕਣਕ ਦੀ ਵਾਢੀ ਦਾ ਸ਼ੁੱਭ ਆਰੰਭ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਰਦੀ ਤੇ ਗਰਮੀ ਸਹੀ ਢੰਗ ਨਾਲ ਨਾ ਪੈਣ ਕਾਰਨ ਕਣਕ ਦੀ ਵਾਢੀ ਲੇਟ ਸ਼ੁਰੂ ਹੋ ਰਹੀ ਹੈ ਤੇ ਅਗੇਤੀ ਕਣਕ ਦੀ ਫਸਲ ਦਾ ਝਾੜ ਘੱਟ ਹੋਣ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਜੇਕਰ ਅਗਲੇ ਦਿਨਾਂ ਵਿਚ ਮੌਸਮ ਗਰਮ ਹੋ ਜਾਂਦਾ ਹੈ ਤਾਂ ਵਾਢੀ ਦਾ ਜ਼ੋਰ ਪੈ ਜਾਵੇਗਾ।
ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਵਾਰ ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਣਕ ਦੀ ਵਾਢੀ ਭਾਵੇਂ ਅਗੇਤੀ ਹੀ ਸ਼ੁਰੂ ਕਰਨੀ ਪਈ ਹੈ।