ਜੋਗਿੰਦਰ ਸਿੰਘ ਮਾਨ
ਮਾਨਸਾ, 31 ਦਸੰਬਰ
ਮਾਲਵਾ ਖੇਤਰ ਦੇ ਰੇਤਲੇ ਇਲਾਕੇ ਵਿਚ ਉਗਰਦੀ ਕਣਕ ਦੀ ਫਸਲ ਪੀਲੀ ਪੈਣ ਲੱਗੀ ਹੈ, ਜਿਸ ਨੂੰ ਲੈ ਕੇ ਕਿਸਾਨ ਧੜਾ-ਧੜ ਸਪਰੇਆਂ ਕਰਨ ਲੱਗੇ ਹਨ। ਖੇਤੀ ਮਹਿਕਮੇ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਪੀਲੀ ਪੈਂਦੀ ਕਣਕ ਤੋਂ ਬਿਲਕੁਲ ਨਾ ਘਬਰਾਉਣ, ਸਗੋਂ ਕਣਕ ਦੀ ਫਸਲ ਉਤੇ ਮੈਗਨੀਜ਼ ਸਲਫ਼ੇਟ ਦੀ ਘਾਟ ਨਾ ਆਉਣ ਦੇਣ। ਮਹਿਕਮੇ ਦਾ ਕਹਿਣਾ ਹੈ ਕਿ ਜਿਥੇ ਕਿਤੇ ਕਿਸਾਨਾਂ ਨੂੰ ਇਸ ਦੀ ਘਾਟ ਨਜ਼ਰ ਆਉਂਦੀ ਹੈ, ਤੁਰੰਤ ਉਥੇ ਮੈਗਨੀਜ਼ ਸਲਫੇਟ ਦੀ ਸਪਰੇਅ ਕਰਨ।
ਖੇਤੀ ਵਿਭਾਗ ਦਾ ਇਹ ਵੀ ਆਖਣਾ ਹੈ ਕਿ ਕਣਕ ਦੀ ਫ਼ਸਲ ਉਤੇ ਜਿੰਕ ਅਤੇ ਗੰਧਕ ਦੀ ਘਾਟ ਵੀ ਰੜਕਣ ਲੱਗ ਪੈਂਦੀ ਹੈ, ਪਰ ਇਸ ਵਾਰ ਇਹ ਅਜੇ ਤੱਕ ਕਿਧਰੇ ਵੇਖਣ ਨੂੰ ਨਹੀਂ ਮਿਲਿਆ। ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਅਜੇ ਤੱਕ ਖੇਤੀਬਾੜੀ ਵਿਭਾਗ ਵੱਲੋਂ ਪੀਲੀਆਂ ਪੈ ਰਹੀਆਂ ਕਣਕਾਂ ਲਈ ਕੋਈ ਦਵਾਈ ਸਬਸਿਡੀ ’ਤੇ ਦੇਣੀ ਸ਼ੁਰੂ ਨਹੀਂ ਕੀਤੀ ਅਤੇ ਨਾ ਹੀ ਸਹਿਕਾਰੀ ਸੁਸਾਇਟੀਆਂ ਵਿੱਚ ਦਵਾਈ ਆਈ ਹੈ। ਖੇਤੀਬਾੜੀ ਮਹਿਕਮੇ ਦੇ ਖੇਤੀ ਵਿਕਾਸ ਅਫ਼ਸਰ ਡਾ.ਮਨੋਜ ਕੁਮਾਰ ਨੇ ਦੱਸਿਆ ਕਿ ਮੈਗਨੀਜ਼ ਦੀ ਘਾਟ, ਆਮ ਤੌਰ ਉਤੇ ਹਲਕੀਆਂ ਜ਼ਮੀਨਾਂ ਅਤੇ ਜਿਥੇ ਬਹੁਤੀਆਂ ਫ਼ਸਲਾਂ ਲਈਆਂ ਜਾਂਦੀਆਂ ਹਨ ’ਤੇ ਨਜ਼ਰ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਘਾਟ ਸਦਕਾ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ’ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ’ਚ ਦਿਖਾਈ ਦੇਣ ਲੱਗੀਆਂ ਹਨ। ਖੇਤੀ ਮਾਹਿਰ ਦਾ ਕਹਿਣਾ ਹੈ ਕਿ ਘਾਟ ਕਾਰਨ ਪੱਤਿਆਂ ਦੇ ਹੇਠਲੇ ਹਿੱਸੇ ਉਤੇ ਵੱਖ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋਕੇ ਇੱਕ ਲੰਮੀ ਧਾਰੀ ਜਾਂ ਗੋਲ ਆਕਾਰ ਧਾਰਨ ਕਰ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਮੈਗਨੀਜ਼ ਸਲਫ਼ੇਟ ਦੀ ਘਾਟ ਲਗਾਤਾਰ ਬਣੀ ਰਹਿੰਦੀ ਹੈ ਤਾਂ ਇਸ ਨਾਲ ਕਣਕ ਦੇ ਬੂਟੇ ਸੁੱਕ ਵੀ ਸਕਦੇ ਹਨ। ਖੇਤੀ ਵਿਗਿਆਨੀ ਨੇ ਦੱਸਿਆ ਕਿ ਮੈਗਨੀਜ਼ ਸਲਫੇਟ ਦੀ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਮੀਨਾਂ ਵਿਚ 0.5 ਫੀਸਦੀ ਮੈਗਨੀਜ਼ ਸਲਫੇਟ (ਇੱਕ ਕਿਲੋ ਮੈਗਨੀਜ਼ ਸਲਫੇਟ) 200 ਲੀਟਰ ਪਾਣੀ ਵਿਚ ਪਾ ਕੇ ਇਸ ਦਾ ਛਿੜਕਾਅ ਪ੍ਰਤੀ ਏਕੜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਫ਼ਤੇ ਪਿਛੋਂ ਇਸ ਨੂੰ ਮੁੜ ਦੁਹਰਾਇਆ ਜਾ ਸਕਦਾ ਹੈ ਅਤੇ ਜੇਕਰ ਲੋੜ ਪਵੇ ਤਾਂ ਤੀਜੇ ਹਫ਼ਤੇ ਫਿਰ ਇਹੋ ਛਿੜਕਾਅ ਕੀਤਾ ਜਾ ਸਕਦਾ ਹੈ।