ਪੱਤਰ ਪ੍ਰੇਰਕ
ਮਾਨਸਾ, 14 ਜਨਵਰੀ
ਸੁਪਰੀਮ ਕੋਰਟ ਵੱਲੋਂ ਕਿਸਾਨੀ ਕਾਨੂੰਨਾਂ ਸਬੰਧੀ ਬਣਾਈ ਕਮੇਟੀ ’ਤੇ ਟਿੱਪਣੀ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਅਜਿਹੀ ਕਿਹੜੀ ਕਮੇਟੀ ਬਣਾਈ ਹੈ, ਜਿਸ ਨੂੰ ਨਾ ਤਾਂ ਕਿਸਾਨ ਆਗੂਆਂ ਨੇ ਮਾਨਤਾ ਦਿੱਤੀ ਤੇ ਨਾ ਹੀ ਖੁਦ ਕਮੇਟੀ ਮੈਂਬਰਾਂ ਨੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ’ਚੋਂ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ ਵੱਲੋਂ ਆਪਣਾ ਨਾਂ ਵਾਪਸ ਲੈਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਵੀ ਬੁਰੀ ਤਰ੍ਹਾਂ ਫਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੇ ਪਹਿਲੀ ਮੀਟਿੰਗ ’ਚ ਸਰਕਾਰ ਵੱਲੋਂ ਕਮੇਟੀ ਬਣਾਉਣ ਦੀਆਂ ਚਾਲਾਂ ਨੂੰ ਨਾਕਾਮਯਾਬ ਕਰ ਦਿੱਤਾ ਸੀ ਤੇ ਮੁੜ ਮੀਟਿੰਗ ਨੇ ਸੁਪਰੀਮ ਕੋਰਟ ਦੀ ਕਾਰਵਾਈ ’ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਇਸ ਦੇ ਬਾਵਜੂਦ ਮੋਦੀ ਸਰਕਾਰ ਨੇ ਗਿਣੀ ਮਿਥੀ ਸ਼ਾਜਿਸ਼ ਤਹਿਤ ਸੁਪਰੀਮ ਕੋਰਟ ਨੂੰ ਵਿੱਚ ਪਾ ਕੇ ਆਪਣੇ ਬੰਦਿਆਂ ਦਾ ਪੈਨਲ ਬਣਵਾਇਆਂ ਸੀ, ਪਰ ਸੁਪਰੀਮ ਕੋਰਟ ਵੱਲੋਂ ਨਾਮਜ਼ਦ ਮੈਂਬਰਾਂ ਵਿੱਚੋਂ ਇਕ ਮੈਂਬਰ ਨੇ ਲੋਕਾਂ ਦੇ ਦਬਾਅ ਹੇਠ ਕਮੇਟੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਇਹ ਕਮੇਟੀ ਆਪਣੇ ਆਪ ਹੀ ਭੰਗ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਬਚਾਅ ਲਈ ਸੁਪਰੀਮ ਕੋਰਟ ਨੂੰ ਅੱਗੇ ਕੀਤਾ ਸੀ, ਜਿਸ ਦੀ ਦੇਸ਼ ਭਰ ’ਚ ਆਲੋਚਨਾ ਹੋ ਰਹੀ ਹੈ।