ਜੋਗਿੰਦਰ ਸਿੰਘ ਮਾਨ
ਮਾਨਸਾ, 3 ਅਗਸਤ
ਮਾਨਸਾ ਸ਼ਹਿਰ ਦੇ ਠੂਠਿਆਂਵਾਲੀ ਰੋਡ ‘ਤੇ ਸਥਿਤ ਵਾਰਡ ਨੰਬਰ 1 ਦੇ ਲੋਕਾਂ ਨੇ ਦੋਸ਼ ਲਾਇਆ ਕਿ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦਾ ਸੀਵਰੇਜ ਸਿਸਟਮ ਕਈ ਦਿਨਾਂ ਤੋਂ ਬੰਦ ਹੋਇਆ ਪਿਆ ਹੈ, ਜਿਸ ਕਰਕੇ ਸੀਵਰੇਜ ਓਵਰਫਲੋਅ ਹੋ ਕੇ ਗੰਦਾ ਪਾਣੀ ਗਲੀਆਂ ਵਿੱਚ ਭਰ ਗਿਆ ਹੈ।
ਵਾਰਡ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਨਿਰਵੈਰ ਕਲੱਬ ਦੇ ਆਗੂ ਸੀਵਰੇਜ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਨ ਪਰ ਅਧਿਕਾਰੀਆਂ ਵੱਲੋਂ ਮੌਕਾ ਦੇਖਣ ਦੇ ਬਾਵਜੂਦ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਨਹੀਂ ਕੀਤਾ ਗਿਆ। ਵਾਰਡ ਵਾਸੀ ਲਾਭ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਸਰਕਾਰ ਤੇ ਪ੍ਰਸ਼ਾਸਨ ਕੋਵਿਡ-19 ਦੇ ਪ੍ਰਕੋਪ ਦੇ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਗੱਲਾਂ ਕਰ ਰਿਹਾ ਹੈ ਅਤੇ ਦੂਸਰੇ ਪਾਸੇ ਸ਼ਹਿਰ ਦੇ ਸੰਘਣੀ ਵਸੋਂ ਵਾਰਡ ਨੰਬਰ 1 ਵਿੱਚ ਰਹਿੰਦੇ ਲੋਕਾਂ ਦੇ ਘਰਾਂ ਤੱਕ ਪਹੁੰਚਿਆ ਸੀਵਰੇਜ ਦਾ ਗੰਦਾ ਪਾਣੀ ਕੱਢਣ ਤੋਂ ਸੀਵਰੇਜ ਬੋਰਡ ਅੱਖਾਂ ਮੀਚੀ ਬੈਠਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਲੋਕਾਂ ਨੂੰ ਆਪਣੇ ਹੀ ਘਰਾਂ ਵਿੱਚ ਰਹਿਕੇ ਖਾਣਾ-ਪੀਣਾ, ਉੱਠਣਾ-ਬੈਠਣਾ ਦੁੱਭਰ ਹੋਇਆ ਪਿਆ ਹੈ ਅਤੇ ਬਰਸਾਤੀ ਮੌਸਮ ਹੋਣ ਕਰਕੇ ਬਿਮਾਰੀਆਂ ਲੱਗਣ ਅਤੇ ਪਾਣੀ ਘਰਾਂ ‘ਚ ਵੜਨ ਤੋਂ ਡਰੇ ਹੋਏ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਸਿਸਟਮ ਦੀ ਸਾਫ-ਸਫਾਈ ਕਰਵਾ ਕੇ ਗੰਦੇ ਪਾਣੀ ਦੇ ਨਿਕਾਸ ਦਾ ਤੁਰੰਤ ਪੱਕਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹ ਐੱਸਡੀਐੱਮ ਦਫ਼ਤਰ ਮਾਨਸਾ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ।
ਇਸ ਮੌਕੇ ਮੇਜਰ ਸਿੰਘ ਜੇਈ, ਰਣਜੀਤ ਸਿੰਘ, ਰਿੰਕੂ ਸ਼ਰਮਾ, ਨਛੱਤਰ ਸਿੰਘ, ਬੂਟਾ ਸਿੰਘ ਤੇ ਸੀਰਾ ਸਿੰਘ ਨੇ ਵੀ ਹਾਜ਼ਰ ਸਨ।