ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 16 ਮਈ
ਆਪਣੀ ਭੈਣ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਲਈ ਭਰਾ ਵੱਲੋਂ ਅੱਜ ਕੋਟਕਪੂਰਾ ਸਿਟੀ ਥਾਣੇ ’ਚ ਪੁਲੀਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਬੋਹੜ ਸਿੰਘ ਸਮੇਤ ਇੱਕ ਦਰਜਨ ਔਰਤਾਂ ਨੇ ਕੋਟਕਪੂਰਾ ਪੁਲੀਸ ਮੁਲਜ਼ਮਾਂ ਦਾ ਪੱਖ ਪੂਰਨ ਦਾ ਦੋਸ਼ ਲਾਉਂਦਿਆਂ ਆਖਿਆ ਕਿ ਉਸ ਵੱਲੋਂ ਵਾਰ-ਵਾਰ ਕੇਸ ’ਚ ਇੱਕ ਸਖ਼ਸ਼ ਦਾ ਨਾਂ ਲਏ ਜਾਣ ਦੇ ਬਾਵਜੂਦ ਉਸ ਨੂੰ ਇਸ ਕੇਸ ’ਚ ਨਾਮਜ਼ਦ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਇਸ ਕੇਸ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਢਿੱਲ ਵਰਤ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਸਦੀ ਭੈਣ ਦੇ ਸਹੁਰੇ ਪਰਿਵਾਰ ਦੇ ਮੁਲਜ਼ਮਾਂ ਨੂੰ ਸ਼ਾਮਲ ਨਾ ਕੀਤਾ ਗਿਆ ਤਾਂ ਉਹ ਕੋਟਕਪੂਰੇ ਦੇ ਬੱਤੀਆਂ ਵਾਲੇ ਚੌਕ ਵਿੱਚ ਮੁਜ਼ਾਹਰਾ ਕਰਕੇ ਆਵਾਜਾਈ ਜਾਮ ਕਰਨਗੇ। ਇਸ ਮੌਕੇ ਮ੍ਰਤਕ ਦੇ ਭਰਾ ਬੋਹੜ ਸਿੰਘ ਨੇ ਦੱਸਿਆ ਕਿ ਉਹ ਪਿੰਡ ਹਰੀਨੌਂ ਦਾ ਵਸਨੀਕ ਹੈ। ਉਸਦੀ ਭੈਣ ਕੋਟਕਪੂਰੇ ਦੇ ਦੁਆਰੇਆਣਾ ਰੋਡ ’ਤੇ ਵਿਆਹੀ ਸੀ। ਪਿਛਲੇ ਦਿਨੀਂ ਉਸਦਾ ਬਾਪ ਧੀ ਨੂੰ ਸਹੁਰੇ ਘਰੋਂ ਲੈਣ ਆਇਆ ਸੀ ਪਰ ਸਹੁਰਿਆ ਨੇ ਉਸ ਨੂੰ ਪੇਕੇ ਨਹੀਂ ਭੇਜਿਆ। ਥੋੜ੍ਹੀ ਦੇਰ ਮਗਰੋਂ ਉਸਦੀ ਖੁਦਕੁਸ਼ੀ ਦੀ ਖ਼ਬਰ ਆਈ। ਜਦੋਂ ਉਨ੍ਹਾਂ ਕੋਟਕਪੂਰੇ ਆ ਕੇ ਵੇਖਿਆ ਤਾਂ ਲਾਸ਼ ਕਮਰੇ ਦੇ ਬੈੱਡ ’ਤੇ ਪਈ ਸੀ। ਉਨ੍ਹਾਂ ਕਿਹਾ ਕਿ ਐੱਫਆਈਆਰ ’ਚ ਸਾਰੇ ਨਾਂ ਦਰਜ ਕੀਤੇ ਜਾਣ ਪਰ ਪੁਲੀਸ ਨੇ ਇੰਜ ਨਹੀਂ ਕੀਤਾ। ਸਿਟੀ ਥਾਣੇ ’ਚ ਤਾਇਨਾਤ ਥਾਣੇਦਾਰ ਸੁਰਿੰੰਦਰ ਸਿੰਘ ਜੋ ਕੇਸ ਦਾ ਜਾਂਚ ਅਧਿਕਾਰੀ ਹੈ, ਨੇ ਉਨ੍ਹਾਂ ਦੀ ਸੁਣਵਾਈ ਕਰਨ ਦੀ ਬਜਾਏ ਮੁਲਜ਼ਮ ਧਿਰ ਦੀ ਮਦਦ ਕੀਤੀ ਹੈ। ਦੂਜੇ ਪਾਸੇ ਥਾਣਾ ਸਿਟੀ ਦੇ ਐੱਸਐੱਚਓ ਜੀ.ਐਸ.ਸੇਖੋਂ ਨੇ ਆਖਿਆ ਕਿ ਪਿਛਲੇ ਦਿਨੀਂ ਸਰਬਜੀਤ ਕੌਰ ਨਾਂ ਦੀ ਔਰਤ ਨੇ ਖੁਦਕੁਸ਼ੀ ਕੀਤੀ ਸੀ। ਇਸ ਸਬੰਧ ’ਚ ਪੀੜਤ ਧਿਰ ਦੇ ਬਿਆਨ ਮੁਤਾਬਕ ਮੁਕੱਦਮਾ ਦਰਜ ਕਰਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਥਾਣੇਦਾਰ ਨੇ ਪੱਖਪਾਤ ਕਰਨ ਵਾਲੀ ਗੱਲ ਨੂੰ ਰੱਦ ਕਰਦਿਆਂ ਆਖਿਆ ਕਿ ਕੇਸ ’ਚ ਕੋਈ ਪੱਖਪਾਤ ਨਹੀਂ ਕੀਤਾ ਗਿਆ। ਦਰਅਸਲ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਪਰ ਉਹ ਮਿਲ ਨਹੀਂ ਰਿਹਾ।