ਜੋਗਿੰਦਰ ਸਿੰਘ ਮਾਨ
ਮਾਨਸਾ, 17 ਜੁਲਾਈ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖਿਲਾਫ਼ ਅੱਜ ਸ਼ਹਿਰ ਵਿੱਚ ਕਾਲੇ ਚੋਲੇ ਪਾਕੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਰੋਸ ਪ੍ਰਗਟਾਵਾ ਕਰਦਿਆਂ ਐਲਾਨ ਕੀਤਾ ਕਿ ਜਥੇਬੰਦੀ ਵੱਲੋਂ ਇਨ੍ਹਾਂ ਹਰੀ ਕ੍ਰਾਂਤੀ ਦੇ ਨਾਇਕ ਦੇ ਹੱਕ ਵਿੱਚ ਆਰ-ਪਾਰ ਦਾ ਅੰਦੋਲਨ ਵਿੱਢਿਆ ਜਾਵੇਗਾ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਚੱਕ ਭਾਈਕੇ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਅੰਦਰ ਮੁਜ਼ਾਹਰਿਆਂ, ਪ੍ਰਦਰਸ਼ਨਾਂ ’ਤੇ ਪੂਰਨ ਪਾਬੰਦੀ ਲਾਈ ਗਈ ਹੈ, ਜਿਸਨੂੰ ਧਿਆਨ ਵਿੱਚ ਰੱਖਦਿਆਂ ਯੂਨੀਅਨ ਨੇ ਵੱਡੇ ਪ੍ਰਦਰਸ਼ਨ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੀ ਆੜ ’ਚ ਲਾਗੂ ਕੀਤੇ ਜਾ ਰਹੇ ਕਾਲੇ ਕਾਨੂੰਨ ਖੇਤੀ ਸੋਧ ਆਰਡੀਨੈਂਸ, ਬਿਜਲੀ ਸੋਧ ਬਿੱਲ-2020 ਰੱਦ ਨਾ ਕੀਤੇ ਗਏ ਅਤੇ ਤੇਲ ਦੀਆਂ ਕੀਮਤਾਂ ਨਾ ਘਟਾਈਆਂ ਗਈਆਂ ਤਾਂ ਫਿਰ ਜਥੇਬੰਦੀ ਕਿਸੇ ਵੀ ਕਿਸਮ ਦੀ ਪਾਬੰਦੀ ਦੀ ਪ੍ਰਵਾਹ ਕਰੇ ਵਗੈਰ ਪ੍ਰਭਾਵਿਤ ਲੋਕਾਂ ਨੂੰ ਨਾਲ ਲੈਕੇ ਸੜਕਾਂ ’ਤੇ ਆਕੇ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ ਅਤੇ ਜਥੇਬੰਦੀ ਹਰ ਕਿਸਮ ਦੀ ਕੁਰਬਾਨੀ ਦੇਣ ਨੂੰ ਤਿਆਰ ਹੋਵੇਗੀ।
ਮੋਗਾ, (ਮਹਿੰਦਰ ਸਿੰਘ ਰਤੀਆਂ): ਇਥੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਖੇਤੀ ਆਰਡੀਨੈਂਸ ਵਾਪਸ ਲੈਣ ਅਤੇ ਤੇਲ ਕੀਮਤਾਂ ਘਟਾਉਣ ਦੀ ਮੰਗ ਨੂੰ ਲੈ ਕੇ ਕਾਲੇ ਕੱਪੜੇ ਪਾਕੇ ਰੋਸ ਪ੍ਰਦਰਸ਼ਨ ਕੀਤਾ। ਕਰੋਨਾ ਨਾਲੋਂ ਕੇਂਦਰ ਸਰਕਾਰ ਵੱਲੋਂ ਕਿਸਾਨੀ ਖਿਲਾਫ਼ ਲਏ ਗਏ ਫੈਸਲੇ ਜ਼ਿਆਦਾ ਮਾਰੂ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਤੇ ਸੂਬਾਈ ਆਗੂ ਗੁਲਜ਼ਾਰ ਸਿੰਘ ਘੱਲਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਂਸ ਕਿਸਾਨ ਮਾਰੂ ਹਨ।
ਸੀਪੀਆਈ ਵੱਲੋਂ ਆਰਡੀਨੈਂਸਾਂ ਖ਼ਿਲਾਫ਼ ਪਿੰਡਾਂ ’ਚ ਨੁੱਕੜ ਮੀਟਿੰਗਾਂ
ਝੁਨੀਰ, (ਪੱਤਰ ਪ੍ਰੇਰਕ): ਸੀਪੀਆਈ ਦੀ ਤਹਿਸੀਲ ਇਕਾਈ ਦੇ ਸਕੱਤਰ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਕੇਂਦਰੀ ਮੈਂਬਰ ਕਾਮਰੇਡ ਜੁਗਰਾਜ ਸਿੰਘ ਹੀਰਕੇ ਦੀ ਸਰਪ੍ਰਸਤੀ ਅਧੀਨ ਕੇਂਦਰ ਸਰਕਾਰ ਦੇ ਕਿਸਾਨ-ਮਜ਼ਦੂਰ ਵਿਰੋਧੀ ਆਰਡੀਨੈਂਸਾਂ, ਡੀਜ਼ਲ ਅਤੇ ਹੋਰ ਖੇਤੀ ਨਾਲ ਸਬੰਧਿਤ ਵਸਤੂਆਂ ਦੇ ਭਾਅ ਅਤੇ ਹੋਰ ਕਿਸਾਨ-ਮਜ਼ਦੂਰ ਮਸਲਿਆਂ ਪ੍ਰਤੀ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਝੁਨੀਰ ਖੇਤਰ ਦੇ ਪਿੰਡ ਬਾਜੇਵਾਲਾ, ਜੌੜਕੀਆਂ, ਕੁਸਲਾ, ਜਟਾਣਾ ਖੁਰਦ ਅਤੇ ਘੁੱਦੂਵਾਲਾ ਆਦਿ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ।
ਖੇਤੀ ਆਰਡੀਨੈਂਸਾਂ ਖਿਲਾਫ਼ ਅੰਦੋਲਨ ਕਰਨ ਦਾ ਸੱਦਾ
ਕੇਂਦਰ ਸਰਕਾਰ ਵੱਲੋਂ ਕਿਸਾਨ ਅਤੇ ਸਮੁੱਚੀ ਲੋਕਾਈ ਦੋਖੀ ਲਿਆਂਦੇ ਗਏ ਤਿੰਨ ਆਰਡੀਨੈਂਸਾਂ ਖਿਲਾਫ਼ ਇੱਥੇ ਪੰਜਾਬ ਕਿਸਾਨ ਯੂਨੀਅਨ ਅਤੇ ਆਲ ਇੰਡੀਆ ਪੀਪਲਜ਼ ਫੋਰਮ ਵੱਲੋਂ ‘ਸਰਕਾਰ ਦੇ ਦਾਅਵੇ ਕੀ ਅਤੇ ਅਸਲ ਮਨੋਰਥ ਕੀ?’ ਵਿਸ਼ੇ ਉੱਪਰ ਕਨਵੈਨਸ਼ਨ ਕਰਵਾਈ ਗਈ, ਜਿਸ ਦੌਰਾਨ ਤਿੱਖਾ ਅੰਦੋਲਨ ਵਿਕਸਤ ਕਰਨ ਦਾ ਸੱਦਾ ਦਿੱਤਾ ਗਿਆ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸਾਬਕਾ ਵਿਦਿਆਰਥੀ ਆਗੂ ਡਾ.ਅਵਤਾਰ ਸਿੰਘ, ਨਛੱਤਰ ਸਿੰਘ ਖੀਵਾ,ਗੋਰਾ ਸਿੰਘ ਭੈਣੀਬਾਘਾ ਤੇ ਬਲਵੀਰ ਜਲੂਰ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦੇ ਮੁੱਖ ਬੁਲਾਰੇ ਸੀਪੀਆਈ (ਐਮਐਲ) ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਦਰਸ਼ਨ ਨੱਤ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਮੋਦੀ ਸਰਕਾਰ ਵੱਲੋਂ ਖੇਤੀ ਖੇਤਰ ਵਿੱਚ ਲਿਆਂਦੇ ਗਏ ਤਿੰਨ ਆਰਡੀਨੈਂਸ ਸਿਰਫ ਕਿਸਾਨ ਦੋਖੀ ਹੀ ਨਹੀਂ, ਬਲਕਿ ਸਮੁੱਚੇ ਦੇਸ਼ ਦੇ ਖਿਲਾਫ਼ ਹੈ।