ਪੱਤਰ ਪ੍ਰੇਰਕ
ਬੁਢਲਾਡਾ, 19 ਦਸੰਬਰ
ਚਾਰ ਦਹਾਕਿਆਂ ਤੋਂ ਰੁਲਦੂ ਸਿੰਘ ਮਾਨਸਾ ਸੂਬੇ ਦੇ ਵੱਡੇ ਵੱਡੇ ਕਿਸਾਨ ਸੰਘਰਸ਼ਾਂ ਦਾ ਮੰਨਿਆ ਪ੍ਰਮੰਨਿਆ ਕਿਸਾਨ ਲੀਡਰ ਰਿਹਾ ਹੈ। ਇਸ ਸਮੇਂ ਦੇਸ਼ ਵਿਆਪੀ ਕਿਸਾਨ ਸੰਘਰਸ਼ ਵਿੱਚ ਰੁਲਦੂ ਦੀ ਭੂਮਿਕਾ ਕਾਫ਼ੀ ਅਹਿਮ ਹੈ। ਇਸ ਕਿਸਾਨ ਆਗੂ ਨੇ 27 ਸਾਲ ਦੀ ਉਮਰ ਵਿੱਚ ਹੀ ਕਿਰਤੀ ਝੰਡਾ ਚੁੱਕ ਲਿਆ ਸੀ। ਪਹਿਲੀ ਵਾਰ ਉਹ ਲੱਖੋਵਾਲ ਕਿਸਾਨ ਯੂਨੀਅਨ ਦਾ ਮੈਂਬਰ ਬਣਿਆ ਜਿੱਥੇ 15 ਸਾਲ ਬਿਤਾਉਣ ਤੋਂ ਬਾਅਦ ਉਹ ਸਿੱਧੂਪੁਰ ਕਿਸਾਨ ਯੂਨੀਅਨ ਦਾ ਸੂਬਾਈ ਮੀਤ ਪ੍ਰਧਾਨ ਬਣ ਗਿਆ।
ਮਤਭੇਦਾਂ ਕਾਰਨ ਉਸ ਨੇ 2006 ਵਿੱਚ ਪੰਜਾਬ ਕਿਸਾਨ ਯੂਨੀਅਨ ਕਾਇਮ ਕਰ ਲਈ ਜਿਸਨੇ ਕਿਸਾਨ ਖ਼ੁਦਕੁਸ਼ੀਆਂ ਰੋਕਣ ਦਾ ਮਾਮਲਾ ਗੰਭੀਰਤਾ ਨਾਲ ਲਿਆ। ਉਸ ਨੇ ਕਿਸਾਨਾਂ ਦੇ ਸਰਕਾਰੀ ਤੇ ਗੈਰ-ਸਰਕਾਰੀ ਕਰਜ਼ੇ ਮੁਆਫ਼ ਕਰਨ ਦੀ ਮੰਗ ਵੱਡੇ ਕਿਸਾਨੀ ਘੋਲ ਵਿੱਚ ਤਬਦੀਲ ਕਰ ਦਿੱਤੀ। ਲਗਪਗ 11 ਮਹੀਨੇ ਚੱਲੇ ਇਸ ਸੰਘਰਸ਼ ਨੇ ਪੰਜਾਬ ਦੀਆਂ ਰਾਜਨੀਤਕ ਧਿਰਾਂ ਨੂੰ ਕਿਸਾਨੀ ਕਰਜ਼ੇ ਆਪਣੇ ਰਾਜਸੀ ਏਜੰਡੇ ਵਿੱਚ ਸ਼ਾਮਿਲ ਕਰਨ ਲਈ ਮਜਬੂਰ ਕਰ ਦਿੱਤਾ। ਸੂਬੇ ਵਿੱਚ ਚੱਲੇ ਦੁੱਧ ਦੀ ਫੈਟ ਰੇਟ ਵਧਾਉਣ ਦੇ ਕਿਸਾਨੀ ਸੰਘਰਸ਼ ਵਿੱਚ ਰੁਲਦੂ ਸਿੰਘ 36 ਦਿਨ ਬਠਿੰਡਾ ਜੇਲ ਵਿੱਚ ਬੰਦ ਰਹੇ। ਇਸੇ ਤਰ੍ਹਾਂ ਕਿਸਾਨਾਂ ਤੋਂ ਚੌਂਕੀਦਾਰਾ ਵਸੂਲਣ ਦੇ ਮਾਮਲੇ ਦੇ ਘੋਲ ’ਚ ਉਹ 2 ਮਹੀਨੇ ਜੇਲ੍ਹ ਰਹੇ ਜਦਕਿ 1984 ਵਿੱਚ ਅਪ੍ਰੇਸ਼ਨ ਬਲਿਊ ਸਟਾਰ ਮੌਕੇ ਕਰਫਿਊ ਵਿਰੁੱਧ ਦਿੱਤੇ ਧਰਨਿਆਂ ਤਹਿਤ ਉਨ੍ਹਾਂ ਨੂੰ 3 ਮਹੀਨੇ ਜੇਲ੍ਹ ’ਚ ਰੱਖਿਆ ਗਿਆ। ਹੁਣ ਉਹ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਟਿਕਰੀ ਬਾਰਡਰ ’ਤੇ ਆਪਣੀ ਸਮੂਹ ਜਥੇਬੰਦੀ ਨਾਲ ਖੂੰਡੇ ਦੇ ਦਮ ’ਤੇ ਮੋਦੀ ਨੂੰ ਲਲਕਾਰ ਰਿਹਾ ਹੈ। ਉਸ ਦਾ ਕਹਿਣਾ ਹੈ,‘ਉਨ੍ਹਾਂ ਦੇ ਪੁਰਖਿਆਂ ਦਾ ਪਹਿਲਾਂ ਕਦੇ ਅਹਿਮਦ ਸ਼ਾਹ ਨਾਲ ਟਾਕਰਾ ਹੋਇਆ ਸੀ, ਹੁਣ ਸਾਡੀ ਪੀੜ੍ਹੀ ਦਾ ਟਾਕਰਾ ਅਮਿਤ ਸ਼ਾਹ ਨਾਲ ਹੈ ਤੇ ਅਸੀਂ ਅੱਜ ਦੇ ਅਮਿਤ ਸ਼ਾਹ ਦੀ ਗੋਡਣੀ ਲਗਾਏ ਬਿਨਾਂ ਪਿੱਛੇ ਮੁੜਨ ਵਾਲੇ ਨਹੀਂ।’