ਰਵਿੰਦਰ ਰਵੀ
ਬਰਨਾਲਾ, 12 ਜੁਲਾਈ
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪਿੰਡ ਝਲੂਰ ਵਿਖੇ 66 ਕੇ ਵੀ ਬਿਜਲੀ ਗਰਿੱਡ ਦਾ ਉਦਘਾਟਨ ਕੀਤਾ। ਇਸ ਮੌਕੇ ਸਵਾਮੀ ਅੰਮਿ੍ਤਾ ਨੰਦ ਤੇ ਸਵਾਮੀ ਅਨੰਤਾ ਨੰਦ (ਰਾਮ ਜੀ) ਝਲੂਰ ਧਾਮ ਵਾਲੇ, ਮਹੰਤ ਪਿਆਰਾ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ।
ਇਸ ਮੌਕੇ ਖੇਡਾਂ ਤੇ ਉਚੇਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਆਉਂਦੇ 2 ਸਾਲਾਂ ’ਚ ਪੰਜਾਬ ਦੇ ਹਰ ਪਿੰਡ ਨੂੰ ਖੇਡ ਮੈਦਾਨ ਮੁਹੱਈਆ ਕਰਾਏ ਜਾ ਸਕਣ ਤਾਂ ਜੋ ਸੂਬੇ ਦੀ ਨੌਜਵਾਨੀ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਇਸ ਨਾਲ ਜਿੱਥੇ ਸੂਬੇ ਦਾ ਨਾਮ ਵਿਸ਼ਵ ਪੱਧਰ ’ਤੇ ਖੇਡਾਂ ਦੇ ਖੇਤਰ ’ਚ ਰੌਸ਼ਨ ਹੋਵੇਗਾ, ਉਥੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਸੂਬੇ ਦਾ ਹਰ ਪਿੰਡ ਖੁਸ਼ਹਾਲ ਹੋਵੇ, ਇਸ ਤਹਿਤ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਤੇ ਭ੍ਰਿਸ਼ਟਾਚਾਰ ਪ੍ਰਤੀ ਸਰਕਾਰ ਵੱਲੋਂ ‘ਜ਼ੀਰੋ ਸਹਿਨਸ਼ੀਲਤਾ’ ਨੀਤੀ ਅਪਣਾਈ ਗਈ ਹੈ। ਗਰਿੱਡ ਸਬ ਸਟੇਸ਼ਨ ਦੇ ਉਦਘਾਟਨ ਮਗਰੋਂ ਮੀਤ ਹੇਅਰ ਨੇ ਦੱਸਿਆ ਕਿ ਤਕਬੀਰਨ 3.68 ਕਰੋੜ ਦੇ ਇਸ ਪ੍ਰਾਜੈਕਟ ਨਾਲ ਆਸ-ਪਾਸ ਦੇ 6 ਪਿੰਡਾਂ ਨੂੰ ਸਿੱਧਾ ਲਾਭ ਹੋਵੇਗਾ ਤੇ ਆਉਂਦੇ ਸਮੇਂ ਹੋਰਾਂ ਪਿੰਡਾਂ ਨੂੰ ਵੀ ਇਸ ਨਾਲ ਜੋੜਿਆ ਜਾ ਸਕੇਗਾ। ਇਸ ਮੌਕੇ ਐਕਸੀਅਨ ਪੀਐਸਪੀਸੀਐਲ ਮਨੋਜ ਗਰਗ ਨੇ ਦੱਸਿਆ ਕਿ ਇਹ 66 ਕੇ ਵੀ ਸਮਰੱਥਾ ਦਾ ਪਾਵਰ ਗਰਿੱਡ ਹੈ ਤੇ 12.5 ਮੈਗਾਵਾਟ ਸਮਰੱਥਾ ਦਾ ਟਰਾਂਸਫਾਰਮਰ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਝਲੂਰ ਨੂੰ ਪਹਿਲਾਂ ਰੰਗੀਆਂ ਗਰਿੱਡ ਤੋਂ ਬਿਜਲੀ ਸਪਲਾਈ ਆਉਂਦੀ ਸੀ ਤੇ ਸਥਾਨਕ ਬਿਜਲੀ ਗਰਿੱਡ ਨਾਲ ਨੇੜਲੇ ਕਈ ਪਿੰਡਾਂ ਨੂੰ ਫਾਇਦਾ ਹੋਵੇਗਾ।