ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਮਈ
ਮੁਕਤਸਰ ਸ਼ਹਿਰ ਵਿੱਚ ਨਹਿਰਾਂ ਦੀ ਬੰਦੀ ਕਾਰਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਜਿੱਥੇ ਪੀਣ ਵਾਲੇ ਪਾਣੀ ਦਾ ਕਾਲ ਪਿਆ ਹੋਇਆ ਹੈ, ਉਥੇ ਹੀ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਪੀਣ ਵਾਲਾ ਪਾਣੀ ਜਲ ਘਰ ਅਤੇ ਸੜਕਾਂ ’ਤੇ ਬਰਬਾਦ ਹੋ ਰਿਹਾ ਹੈ। ਮੁਕਤਸਰ ਜਲ ਘਰ ਦੇ ਪਾਣੀ ਸਾਫ ਕਰਨ ਵਾਲੇ ਪਲਾਂਟ ਵਿੱਚੋਂ ਲਗਾਤਾਰ ਪਾਣੀ ਵਗਦਾ ਰਹਿੰਦਾ ਹੈ ਜਿਸ ਨਾਲ ਜਲ ਘਰ ਦਾ ਵੱਡਾ ਮੈਦਾਨ ਛੱਪੜ ਦਾ ਰੂਪ ਧਾਰਨ ਕਰ ਗਿਆ ਹੈ। ਲੋਕਾਂ ਦਾ ਰੋਸ ਹੈ ਕਿ ਜਨ ਸਿਹਤ ਵਿਭਾਗ ਵੱਲੋਂ ਘਰਾਂ ’ਚ ਪਾਣੀ ਦੀ ਸਪਲਾਈ ਮਹਿਜ਼ ਘੰਟੇ-ਅੱਧੇ ਘੰਟੇ ਵਾਸਤੇ ਕੀਤੀ ਜਾਂਦੀ ਹੈ ਕਿ ਕਈ ਵਾਰ ਉਹ ਵੀ ਨਹੀਂ ਕੀਤੀ ਜਾਂਦੀ ਪਰ ਦੂਜੇ ਪਾਸੇ ਪਾਣੀ ਸੰਭਾਲ ਨਾ ਹੋਣ ਕਰਕੇ ਜ਼ਾਇਆ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਾਣੀ ਦੀ ਸੰਭਾਲ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਜਨ ਸਿਹਤ ਵਿਭਾਗ ਦੇ ਐਸ. ਡੀ. ਓ. ਜਗਮੋਹਨ ਸਿੰਘ ਨੇ ਦੱਸਿਆ ਕਿ ਟੈਂਕ ਦੀ ਇਕ ਕੰਧ ਬੈਠ ਗਈ ਸੀ ਇਸ ਲਈ ਜਦੋਂ ਪੰਪ ਪੂਰੇ ਛੱਡੇ ਜਾਂਦੇ ਹਨ ਤਾਂ ਪਾਣੀ ਓਵਰ ਫਲੋਅ ਹੋ ਜਾਂਦਾ ਹੈ। ਕਈ ਪਾਈਪਾਂ ਅਮਰੂਤ ਪ੍ਰੋਜੈਕਟ ਤਹਿਤ ਪਾਈਪਾਂ ਪਾਉਣ ਵੇਲੇ ਟੁੱਟ ਗਈਆਂ ਸਨ ਜੋ ਜਲਦੀ ਹੀ ਠੀਕ ਕਰਵਾ ਦਿੱਤੀਆਂ ਜਾਣਗੀਆਂ।