ਜੋਗਿੰਦਰ ਸਿੰਘ ਮਾਨ
ਮਾਨਸਾ, 25 ਜੁਲਾਈ
ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵਰਕਰ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਣੇ ਹੋਏ ਵਾਟਰ ਵਰਕਸ ਟੈਂਕੀ ਉਪਰ ਚੜ੍ਹ ਗਏ ਹਨ। ਜਥੇਬੰਦਕ ਆਗੂਆਂ ਨੇ ਦੋਸ਼ ਲਾਇਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਨੰ:2, ਮਾਨਸਾ ਵਿੱਚ ਠੇਕੇਦਾਰਾਂ ਦੇ ਅਧੀਨ ਕੰਮ ਕਰਦੇ ਕਾਮਿਆਂ ਨੂੰ ਪਿਛਲੇ ਦੋ ਮਹੀਨਿਆਂ ਦੀ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਉਹ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਹਨ। ਇਹ ਟੈਂਕੀ ਡੀ.ਸੀ ਦਫ਼ਤਰ ਦੇ ਸਾਹਮਣੇ ਹੋਣ ਕਾਰਨ ਪ੍ਰਸ਼ਾਸ਼ਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਦੇਰ ਸ਼ਾਮ ਮਾਨਸਾ ਦੇ ਐੱਸਡੀਐੱਮ ਪੂਨਮ ਸਿੰਘ ਨੇ ਅੰਦੋਲਨਕਾਰੀਆਂ ਨਾਲ ਗੱਲਬਾਤ ਚਲਾਕੇ ਉਨ੍ਹਾਂ ਨੂੰ ਟੈਂਕੀ ਥੱਲੇ ਉਤਾਰਿਆ ਗਿਆ, ਜਿਸ ਵਿੱਚ ਫੈਸਲਾ ਹੋਇਆ ਕਿ ਭਲਕੇ ਜਲ ਸਪਲਾਈ ਵਿਭਾਗ ਦੇ ਚੰਡੀਗੜ੍ਹ ਸਥਿਤ ਉੱਚ ਅਧਿਕਾਰੀਆਂ ਨਾਲ ਜਥੇਬੰਦਕ ਆਗੂਆਂ ਇਲਾਕੇ ਵਿਚਲੇ ਕਾਰਜਕਾਰੀ ਇੰਜਨੀਅਰ ਦੀ ਮੀਟਿੰਗ ਕਰਵਾ ਜਾਵੇਗੀ।
ਇਸ ਤੋਂ ਪਹਿਲਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਖਿਆਲਾ, ਜ਼ਿਲ੍ਹਾ ਜਨਰਲ ਸਕੱਤਰ ਗੁਰਵਿੰਦਰ ਸਿੰਘ ਅਤੇ ਸੂਬਾ ਆਗੂ ਸੁਰਿੰਦਰ ਬਰਨ ਨੇ ਕਿਹਾ ਕਿ ਜਲ ਸਪਲਾਈ ਕਾਮਿਆਂ ਨੂੰ ਵਧੇ ਰੇਟਾਂ ਅਨੁਸਾਰ ਤਨਖ਼ਾਹਾਂ ਨਾ ਮਿਲਣ ਕਾਰਨ ਜਥੇਬੰਦੀ ਵੱਲੋਂ ਕਾਰਜਕਾਰੀ ਇੰਜਨੀਅਰ, ਜਸਸ ਮੰਡਲ ਨੰ. 2, ਮਾਨਸਾ 25 ਜੁਲਾਈ ਧਰਨੇ ਦੇ ਨੋਟਿਸ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ 25 ਜੁਲਾਈ ਨੂੰ ਮਸਲੇ ਦਾ ਹੱਲ ਨਾ ਹੋਇਆ ਤਾਂ ਆਗੂਆਂ ਵੱਲੋਂ ਇਨਸਾਫ਼ ਲੈਣ ਲਈ ਪਾਣੀ ਦੀ ਟੈਂਕੀ ’ਤੇ ਮਜ਼ਬੂਰਨ ਚੜ੍ਹਨਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਪਾਣੀ ਟੈਂਕੀ ਉਤੇ ਲਗਾਤਾਰ ਬੈਠੇ ਰਹਿਣ ਦਾ ਐਲਾਨ ਕੀਤਾ ਗਿਆ ਤਾਂ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਮਾਨਸਾ ਦੇ ਐਸਡੀਐਮ ਪੂਨਮ ਸਿੰਘ ਨੇ ਵਿੱਚ ਪੈਕੇ ਮੀਟਿੰਗ ਕਰਵਾਈ ਗਈ, ਜਿਸ ਦੌਰਾਨ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਗਿਆ।
ਇਸ ਧਰਨੇ ਦੌਰਾਨ ਲਵਜੀਤ ਸਿੰਘ ਤਾਮਕੋਟ,ਜਰਨੈਲ ਸਿੰਘ,ਕੁਲਦੀਪ ਸਿੰਘ, ਤਰਸੇਮ ਸਿੰਘ,ਸਰਬਜੀਤ ਸਿੰਘ,ਸੁਖਜੀਤ ਸਿੰਘ ਬਰਨਾਲਾ,ਗੁਰਪ੍ਰੀਤ ਸਿੰਘ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਤੋਂ ਆਏ ਜਸਪ੍ਰੀਤ ਸਿੰਘ,ਬਲਜੀਤ ਸਿੰਘ,ਜਨਕ ਸਿੰਘ ਨੇ ਵੀ ਸੰਬੋਧਨ ਕੀਤਾ।