ਜਸਵੰਤ ਜੱਸ
ਫ਼ਰੀਦਕੋਟ, 5 ਜੁਲਾਈ
ਜਲ ਸਪਲਾਈ ਅਤੇ ਸੈਨੀਟੇਸ਼ਨ ਐਂਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਛੇਵੇਂ ਪੇਅ ਕਮਿਸ਼ਨ ਵਿੱਚ ਕੋਈ ਵੀ ਵਿੱਤੀ ਲਾਭ ਨਾ ਹੋਣ ਦੇ ਰੋਸ ਵਜੋਂ ਇੱਥੇ ਮੰਡਲ ਦਫਤਰ ਵਿੱਚ ਸੂਬਾਈ ਪ੍ਰਧਾਨ ਤੇਜਵੰਤ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਿਕੰਦਰ ਸਿੰਘ ਮੰਡ ਮੀਤ ਪ੍ਰਧਾਨ ਪੰਜਾਬ, ਰਾਜ ਕੁਮਾਰ ਸਿੰਘ ਜਰਨਲ ਸਕੱਤਰ, ਵਿੰਦਰਪਾਲ ਧੂੜਕੋਟ ਤੇ ਜਸਵਿੰਦਰ ਸਿੰਘ ਖਾਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਵੇਂ ਪੇਅ ਕਮਿਸ਼ਨ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਕਰਮਚਾਰੀਆਂ ਨੂੰ ਕੋਈ ਵੀ ਲਾਭ ਨਹੀਂ ਹੋਣਾ। ਤੇਜਵੰਤ ਸਿੰਘ ਢਿੱਲਵਾਂ ਨੇ ਦਸਿੱਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰਦੇ ਫੀਲਡ ਸਟਾਫ ਜਿਵੇਂ ਪੰਪ ਅਪਰੇਟਰ, ਮਾਲੀ-ਕਮ – ਚੌਕੀਦਾਰ, ਬੇਲਦਾਰ, ਹੈਲਪਰ ਆਦਿ ਵਰਕਰਾਂ ਨੂੰ ਪਿਛਲੇ 5ਵੇਂ ਪੇਅ ਕਮਿਸ਼ਨ ਵੱਲੋਂ ਵੀ ਅਣਗੌਲਿਆ ਕੀਤਾ ਗਿਆ। ਹੁਣ ਫਿਰ ਨਵੇ ਕਮਿਸ਼ਨ ਵਿੱਚ ਵੀ ਇਸੇ ਤਰ੍ਹਾਂ ਕੀਤਾ ਗਿਆ ਹੈ। 6 ਵੇਂ ਕਮਿਸ਼ਨ ਦੀ ਰਿਪੋਰਟ ਤੋਂ ਖਫਾ ਹੋ ਕੇ ਜਥੇਬੰਦੀ ਵੱਲੋਂ ਵਿੱਤ ਮੰਤਰੀ ਪੰਜਾਬ ਦਾ ਮੰਡਲ ਦਫਤਰ ਫਰੀਦਕੋਟ ਵਿੱਚ ਪੁਤਲਾ ਫੂਕਿਆ ਗਿਆ ਅਤੇ ਵਿਭਾਗ ਮੁਖੀ ਨੂੰ ਕਾਰਜਕਾਰੀ ਇੰਜਨੀਅਰ ਰਾਹੀਂ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਪੰਜਾਬ ਵੱਲੋਂ ਫੈਸਲਾ ਕੀਤਾ ਗਿਆ ਕਿ 8 ਜੁਲਾਈ ਨੂੰ ਐਚ.ਓ.ਡੀ. ਦਫਤਰ ਮੁਹਾਲੀ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਨਿਰਮਲ ਸਾਧਾਂਵਾਲਾ, ਜਗਦੰਬਾ ਪ੍ਰਸਾਦ, ਗੋਬਿੰਦ ਲੰਭਵਾਲੀ, ਪਰਵਿੰਦਰ ਢਿੱਲੋਂ, ਗੁਰਮੀਤ ਸ਼ੇਰਪੁਰੀ, ਚਿਮਨ ਲਾਲ, ਜਸਪਾਲ ਖਾਰਾ, ਹੰਸ ਰਾਜ, ਕੁਲਵੰਤ ਸਿੰਘ, ਗੁਰਤੇਜ ਸਿੰਘ, ਹਰਜਿੰਦਰ ਗੋਦਾਰਾਂ, ਜਗਤਾਰ ਸਿੰਘ, ਹਰਪਿੰਦਰ ਡੋਡ, ਜਸਵੀਰ ਡੋਡ, ਜਤਿਦਰਜੀਤ ਸਿੰਘ, ਗੁਰਪ੍ਰਸਾਦ, ਜਸਪ੍ਰੀਤ ਸਿੰਘ ਅਤੇ ਰਿਖੀ ਰਾਮ ਆਦਿ ਵੀ ਹਾਜ਼ਰ ਸਨ।