ਪੱਤਰ ਪ੍ਰੇਰਕ
ਝੁਨੀਰ, 20 ਜੂਨ
ਇਸ ਖੇਤਰ ਦੇ ਪਿੰਡ ਘੁਰਕਣੀ ਦੀ ਜਲ ਸਪਲਾਈ ਸਕੀਮ ਤੋਂ ਪਿੰਡ ਚੈਨੇਵਾਲਾ, ਦਾਨੇਵਾਲਾ ਅਤੇ ਘੁਰਕਣੀ ਨੂੰ ਪੀਣ ਵਾਲਾ ਪਾਣੀ ਸਪਲਾਈ ਹੁੰਦਾ ਹੈ। ਇਹ ਜਲ ਸਪਲਾਈ ਸਕੀਮ 50 ਸਾਲ ਪਹਿਲਾਂ ਲੋਕਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਨ ਵਾਲੀ ਲਈ ਬਣਾਈ ਗਈ ਸੀ ਅਤੇ ਲੋਕ ਪੀਣ ਵਾਲੇ ਪਾਣੀ ਲਈ ਇਸ ਸਕੀਮ ਤੋਂ ਪਾਣੀ ’ਤੇ ਹੀ ਨਿਰਭਰ ਕਰਦੇ ਹਨ। ਇਸ ਸਕੀਮ ਦੀਆਂ ਧਰਤੀ ਹੇਠਾਂ ਦੱਬੀਆਂ ਪਾਈਪਾਂ ਬਹੁਤ ਹੀ ਪੁਰਾਣੀਆਂ ਹੋਣ ਕਾਰਨ ਅਕਸਰ ਹੀ ਟੁੱਟਦੀਆਂ ਰਹਿੰਦੀਆਂ ਹਨ। ਸੂਬਾਈ ਮੁਲਾਜ਼ਮ ਆਗੂ ਮਲਕੀਤ ਸਿੰਘ ਸਕੱਤਰ, ਬਲਵਿੰਦਰ ਸਿੰਘ, ਅੰਮ੍ਰਿਤ ਮਾਨ ਸਿੰਘ, ਪਾਲੀ ਸਿੰਘ, ਮੱਖਣ ਸਿੰਘ ਮਾਨ ਅਤੇ ਗੁਰਦੀਪ ਸਿੰਘ ਮੈਂਬਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪਿੰਡ ਚੈਨੇਵਾਲਾ ਨੂੰ ਪਾਣੀ ਸਪਲਾਈ ਕਰਨ ਵਾਲੀ ਧਰਤੀ ਹੇਠਲੀ ਪਾਈਪ ਟੁੱਟ ਚੁੱਕੀ ਹੈ ਪ੍ਰੰਤੂ ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਚੰਡੀਗੜ੍ਹ ਵਿੱਚ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਇਕ ਟੁੱਟੀ ਪਾਈਪ ਅਜੇ ਤੱਕ ਨਹੀਂ ਜੋੜੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪਾਈਪ ਦੇ ਟੁੱਟਣ ਕਾਰਨ ਪਾਣੀ ਦੇ ਇੱਧਰ ਉੱਧਰ ਫੈਲਣ ਕਾਰਨ ਨਜ਼ਦੀਕੀ ਆਬਾਦੀ ਦੇ ਮਕਾਨਾਂ ਵਿਚ ਜਿੱਥੇ ਤ੍ਰੇੜਾਂ ਪੈ ਚੁੱਕੀਆਂ ਹਨ, ਉੱਥੇ ਪਿੰਡ ਚੈਨੇਵਾਲਾ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਬੰਦ ਪਈ ਹੈ। ਲੋਕਾਂ ਨੇ ਟੁੱਟੀਆਂ ਤੇ ਖਸਤਾਹਾਲ ਪਾਈਪਾਂ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ।