ਪੱਤਰ ਪ੍ਰੇਰਕ
ਅਬੋਹਰ, 20 ਮਈ
ਵਿਧਾਨ ਸਭਾ ਹਲਕਾ ਬੱਲੂਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਵਿੱਚ ਵਿਭਾਗ ਦੇ ਐਸਈ ਜਸਜੀਤ ਸਿੰਘ ਗਿੱਲ, ਕਾਰਜਕਾਰੀ ਇੰਜਨੀਅਰ ਅਮਰਦੀਪ ਸਿੰਘ ਭੱਠਲ, ਐਸਡੀਓ ਵੇਦ ਪ੍ਰਕਾਸ਼, ਐਸਡੀਓ ਸੁਭਾਸ਼ ਚੰਦਰ ਤੇ ਸੋਸ਼ਲ ਵਿੰਗ ਦੇ ਅਧਿਕਾਰੀ ਸੁਖਜਿੰਦਰ ਸਿੰਘ ਢਿੱਲੋਂ ਤੇ ਜੋਤੀ ਪ੍ਰਕਾਸ਼ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਵੀ ਹਾਜ਼ਰ ਸਨ।
ਇਸ ਅਧਿਕਾਰੀਆਂ ਵੱਲੋਂ ਵਿਧਾਇਕ ਗੋਲਡੀ ਮੁਸਾਫ਼ਰ ਨੂੰ ਬੱਲੂਆਣਾ ਹਲਕੇ ਦੇ ਪਿੰਡਾਂ ਵਿੱਚ ਵਾਟਰ ਵਰਕਸਾਂ ਤੋਂ ਹੁੰਦੀ ਸਪਲਾਈ ਸਬੰਧੀ ਅਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਨੇ ਕਿਹਾ ਕਿ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਤੇ ਹਰ ਘਰ ਜਲ ਪਹੁੰਚਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ ਉਹ ਪੂਰੇ ਕਰਾਂਗੇ। ਇਸ ਦੌਰਾਨ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਾਰੇ ਵਾਟਰ ਵਰਕਸਾਂ ਦੀ ਸਫ਼ਾਈ ਯਕੀਨੀ ਤੌਰ ਤੇ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਬੱਲੂਆਣਾ ਹਲਕੇ ਦੇ ਹਰ ਪਿੰਡ ਵਿੱਚ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਸ ਲਈ 122 ਪਿੰਡਾਂ ਅਤੇ 15 ਢਾਣੀਆਂ ਤਕ ਸਾਫ਼ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਵਾਟਰਵਰਕਸ ਨਹੀਂ ਬਣੇ ਉਨ੍ਹਾਂ ਪਿੰਡਾਂ ਵਿਚ ਪਾਣੀ ਵਾਲੀਆਂ ਟੈਂਕੀਆਂ ਸਥਾਪਿਤ ਕੀਤੀਆਂ ਜਾਣਗੀਆਂ ਤੇ ਪਿੰਡਾਂ ਵਿੱਚ ਵਾਟਰ ਸਪਲਾਈ ਲਈ ਪਾਈਪਲਾਈਨ ਵੀ ਪਾਈ ਜਾਵੇਗੀ।