ਜੋਗਿੰਦਰ ਸਿੰਘ ਮਾਨ
ਮਾਨਸਾ, 2 ਅਪਰੈਲ
ਫਾਇਰ ਬਿਗ੍ਰੇਡ ਵਿਭਾਗ ਵਿੱਚੋਂ ਜਬਰੀ ਫਾਰਗ ਕੀਤੇ ਗਏ ਮੁਲਾਜ਼ਮਾਂ ਵੱਲੋਂ ਪਰਿਵਾਰਾਂ ਅਤੇ ਛੋਟੇ-ਛੋਟੇ ਬੱਚਿਆਂ ਸਮੇਤ ਨਗਰ ਕੌਂਸਲ ਮਾਨਸਾ ਦੇ ਮੁੱਖ ਦਫ਼ਤਰ ਦਾ ਘਿਰਾਓ 6ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀ ਮੰਗ ਰਹੇ ਸਨ ਕਿ ਜਿੰਨਾ ਚਿਰ ਤੱਕ ਉਨ੍ਹਾਂ ਨੂੰ ਨੌਕਰੀ ’ਤੇ ਵਾਪਸ ਨਹੀਂ ਬੁਲਾਇਆ ਜਾਂਦਾ, ਉਨਾ ਚਿਰ ਤੱਕ ਸੰਘਰਸ਼ ਜਾਰੀ ਰਹੇਗਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਹਰਜੀਤ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਨੌਕਰੀ ਤੋਂ ਵਾਂਝੇ ਹੋਣ ਕਰਕੇ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਹੈ ਅਤੇ ਬੱਚਿਆਂ ਦੀ ਪੜ੍ਹਾਈ ਕਰਵਾਉਣੀ ਵੀ ਔਖੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਪਿਛਲੇ 6 ਮਹੀਨਿਆਂ ਤੋਂ ਤਨਖਾਹ ਰੋਕ ਰੱਖੀ ਹੈ ਅਤੇ ਇੱਕ ਮੁਲਾਜ਼ਮ ਨੂੰ 19 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਪਹਿਲਾਂ ਧਰਨੇ ਦੌਰਾਨ ਡੀਐੱਸਪੀ ਸਬ ਡਿਵੀਜ਼ਨ ਮਾਨਸਾ ਦੀ ਹਾਜ਼ਰੀ ਵਿੱਚ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ, ਵਾਈਸ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਕੁੱਝ ਦਿਨਾਂ ਬਾਅਦ ਨੌਕਰੀ ’ਤੇ ਬਹਾਲ ਕਰ ਦਿੱਤਾ ਜਾਵੇਗਾ। ਉਨ੍ਹਾਂ ਵੱਲੋਂ ਦਿੱਤੇ ਗਏ ਵਿਸ਼ਵਾਸ ਕਰਕੇ ਧਰਨਾ ਖਤਮ ਕਰ ਦਿੱਤਾ ਸੀ, ਪਰ ਹੁਣ ਜਦੋਂ ਪੀੜਤ ਮੁਲਾਜ਼ਮ ਅਧਿਕਾਰੀਆਂ ਨੂੰ ਮਿਲੇ ਤਾਂ ਉਹ ਟਾਲ-ਮਟੋਲ ਕਰ ਰਹੇ ਹਨ, ਜਿਸ ਕਾਰਨ ਨਗਰ ਕੌਂਸਲ ਦੇ ਗੇਟ ਅੱਗੇ ਬੈਠਣਾ ਪਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਬਹਾਲੀ ਤੱਕ ਨਗਰ ਕੌਂਸਲ ਦੇ ਦਫ਼ਤਰ ਦਾ ਘਿਰਾਓ ਜਾਰੀ ਰਹੇਗਾ। ਇਸ ਮੌਕੇ ਤੇ ਜਗਸੀਰ ਸਿੰਘ ਜਵਾਹਰਕੇ, ਭਾਨ ਸਿੰਘ ਬਰਨਾਲਾ, ਲੀਲਾ ਸਿੰਘ ਜਟਾਣਾ, ਸਤਨਾਮ ਸਿੰਘ, ਵਿਪਨ, ਬਲਰਾਜ ਸਿੰਘ,ਕਰਨ ਕੁਮਾਰ,ਗੁਰਪ੍ਰੀਤ ਸਿੰਘ ,ਗਗਨਦੀਪ ਸਿੰਘ,ਕਮਲਪ੍ਰੀਤ ਸਿੰਘ, ਜਸਕਰਨ ਸਿੰਘ ਨੇ ਵੀ ਸੰਬੋਧਨ ਕੀਤਾ।