ਖੇਤਰੀ ਪ੍ਰਤੀਨਿਧ
ਬਰਨਾਲਾ, 21 ਅਪਰੈਲ
ਸਥਾਨਕ ਸੇਖਾ ਰੋਡ ਦੀ ਗਲੀ ਨੰਬਰ 10 ਤੇ 11 ਦਰਮਿਆਨ 10ਏ ਦੇ ਰਿਹਾਇਸ਼ੀ ਖੇਤਰ ’ਤੇ ਨਜਾਇਜ਼ ਗੁਦਾਮ ਉਸਾਰੀ ਦੇ ਵਿਰੁੱਧ ਮੁਹੱਲਾ ਵਾਸੀਆਂ ਵੱਲੋਂ ਤਿੱਖੇ ਵਿਰੋਧ ਦੇ ਚਲਦਿਆਂ ਅੱਜ ਐੱਸਡੀਐੱਮ ਬਰਨਾਲਾ ਵਰਜੀਤ ਸਿੰਘ ਵਾਲੀਆ ਨੇ ਖੁਦ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਗੁਦਾਮ ਖੁੱਲ੍ਹਵਾ ਕੇ ਦੇਖੇ ਤੇ ਦੋਵਾਂ ਧਿਰਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਪੀੜਤ ਮੁਹੱਲਾ ਵਾਸੀ ਧਿਰ ਦੇ ਨਾਲ ਖੜ੍ਹੇ ਮੌਜੂਦਾ ਵਾਰਡ ਕੌਂਸਲਰ ਜਗਰਾਜ ਸਿੰਘ ਤੋਂ ਇਲਾਵਾ ਸੰਘਰਸ਼ ਕਮੇਟੀ ਦੇ ਆਗੂ ਡਾ. ਰਜਿੰਦਰਪਾਲ, ਪਰਮਜੀਤ ਸਿੰਘ ਪੰਮਾ, ਗੁਰਮੇਲ ਸਿੰਘ, ਗੁਰਦੇਵ ਸਿੰਘ ਬਾਜਵਾ, ਰਛਪਾਲ ਸਿੰਘ, ਬੀ.ਕੇ.ਯੂ. ਡਕੌਂਦਾ ਆਗੂ ਬਾਬੂ ਸਿੰਘ ਖੁੱਡੀ ਕਲਾਂ, ਬਿੱਕਰ ਸਿੰਘ ਔਲਖ, ਇਨਕਲਾਬੀ ਕੇਂਦਰ ਪੰਜਾਬ ਦੇ ਸੁਖਵਿੰਦਰ ਸਿੰਘ ਤੇ ਖੁਸ਼ਮਿੰਦਰ ਪਾਲ ਨੇ ਕਿਹਾ ਕਿ ਇਸ ਰਿਹਾਇਸ਼ੀ ਖੇਤਰ ’ਚ ਗੁਦਾਮਾਂ ਦੀ ਉਸਾਰੀ ਨਜ਼ਾਇਜ਼ ਤੇ ਨਿਯਮ ਉਲੰਘ ਕੇ ਕੀਤੀ ਗਈ ਹੈ। ਦੂਜੇ ਪਾਸੇ ਵਪਾਰੀ ਧਿਰ ਵੱਲੋਂ ਆਸ-ਪਾਸ ਦੇ ਦਹਾਕਿਆਂ ਤੋਂ ਵਸਦੇ ਲੋਕਾਂ ਦੀ ਰਿਹਾਇਸ਼ ਨੂੰ ਹੀ ਗਲਤ ਦੱਸਦਿਆਂ ਉਨ੍ਹਾਂ ਦੀ ਮੰਗ ਨੂੰ ਖਾਰਜ਼ ਕਰਨ ਦੀ ਕੋਸ਼ਿਸ਼ ਕੀਤੀ। ਐੱਸਡੀਐੱਮ ਸ੍ਰੀ ਵਾਲੀਆ ਨੇ ਭਰੋਸਾ ਦਿਵਾਇਆ ਕਿ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗਾ, ਉਲੰਘਣਾ ਕਰਤਾਵਾਂ ਖਿਲਾਫ਼ ਕਾਰਵਾਈ ਹੋਵੇਗੀ। ਹਫ਼ਤੇ ਦੇ ਅੰਦਰ ਰਿਪੋਰਟ, ਸਿਫ਼ਾਰਿਸ਼ ਡੀਸੀ. ਬਰਨਾਲਾ ਨੂੰ ਸੌਂਪਣਗੇ। ਬੇਇਨਸਾਫ਼ੀ ਨਹੀਂ ਹੋਵੇਗੀ। ਇਸ ਮੌਕੇ ਰਾਕੇਸ਼ ਕੁਮਾਰ, ਅਮਰਜੀਤ ਕੌਰ, ਕਿਰਨ ਰਾਣੀ, ਜਸਪਾਲ ਸਿੰਘ ਚੀਮਾ, ਹਰਜਿੰਦਰ ਸਿੰਘ ਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਬਰਨਾਲਾ ਆਦਿ ਵੀ ਹਾਜ਼ਰ ਸਨ। ਉਪਰੰਤ ਮੁਹੱਲਾ ਵਾਸੀਆਂ ਨੇ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦ੍ਰਿੜਾਇਆ।
ਗੱਲਬਾਤ ਦੌਰਾਨ ਹੋਇਆ ਤਣਾਅ
ਐੱਸਡੀਐੱਮ ਦੀ ਹਾਜ਼ਰੀ ’ਚ ਹੀ ਵਪਾਰੀ ਧਿਰ ਦੇ ਵਿਅਕਤੀ ਵੱਲੋਂ ਪ੍ਰਦਰਸ਼ਨਕਾਰੀ ਆਗੂ ਖ਼ਿਲਾਫ਼ ਗੈਰਵਾਜ਼ਬਿ ਟਿੱਪਣੀ ਕੀਤੇ ਜਾਣ ’ਤੇ ਇੱਕ ਵਾਰ ਮਾਹੌਲ ਤਣਾਅਪੂਰਨ ਵੀ ਹੋਇਆ, ਜਿਸ ਨੂੰ ਖੁਦ ਐੱਸਡੀਐੱਮ ਨੇ ਦਖ਼ਲ ਦੇ ਕੇ ਸ਼ਾਂਤ ਕੀਤਾ।