ਪੱਤਰ ਪ੍ਰੇਰਕ
ਧਨੌਲਾ, 1 ਅਗਸਤ
ਸਮੇਂ-ਸਮੇਂ ਤੇ ਸਰਕਾਰਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਚੋਣਾਂ ਦੌਰਾਨ ਗਲੀਆਂ-ਨਾਲੀਆਂ ਨੂੰ ਪਹਿਲ ਦੇ ਆਧਾਰ ’ਤੇ ਬਣਾਉਣ ਦੇ ਵਾਅਦੇ ਲੋਕਾਂ ਨੂੰ ਕੀਤੇ ਜਾਂਦੇ ਹਨ, ਪਰ ਲੰਮਾਂ ਸਮਾਂ ਬੀਤਣ ਦੇ ਬਾਵਜੂਦ ਹੁਣ ਵੀ ਧਨੌਲਾ ਦੀਆਂ ਕਈ ਥਾਵਾਂ ’ਤੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਹੈ। ਸਥਾਨਕ ਸ਼ਹਿਰ ਦੇ ਵਾਰਡ ਨੰਬਰ 4 ਵਿੱਚ ਲੋਕ ਅਖੌਤੀ ਵਿਕਾਸ ਦੇ ਚਲਦਿਆਂ ਦਿੱਕਤਾਂ ’ਚ ਰਹਿ ਰਹੇ ਹਨ, ਜਿਸ ਸਬੰਧੀ ਅੱਜ ਅੱਕੇ ਹੋਏ ਵਾਰਡ ਵਾਸੀਆਂ ਨੇ ਨਗਰ ਕੌਂਸਲ ਧਨੌਲਾ ਅਤੇ ਵਾਰਡ ਐਮਸੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਦਰਸ਼ਨ ਸਿੰਘ, ਜਗਰੂਪ ਸਿੰਘ, ਬਾਰਾ ਖ਼ਾਂ, ਚੰਦ ਸਿੰਘ, ਕਾਲਾ ਸਿੰਘ, ਗੁਰਚਰਨ ਸਿੰਘ, ਪਾਲ ਕੌਰ, ਸੁਨੀਤਾ ਰਾਣੀ, ਜਸਵਿੰਦਰ ਕੌਰ ਆਦਿ ਨੇ ਦੱਸਿਆ ਕਿ ਉਹ ਵਾਰਡ ਨੰਬਰ 4 ਪਸ਼ੂ ਮੰਡੀ ਧਨੌਲਾ ਦੀ ਬੈਕਸਾਈਡ ’ਤੇ ਰਹਿੰਦੇ ਹਨ ਤੇ ਚੋਣਾਂ ਦੌਰਾਨ ਐਮਸੀ ਵੱਲੋਂ ਗਲੀਆਂ ਪਹਿਲ ਦੇ ਆਧਾਰ ’ਤੇ ਪੱਕੀਆਂ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਉਹ ਕੱਚੀਆਂ, ਬਿਨ੍ਹਾਂ ਪਾਣੀ ਦੀ ਨਿਕਾਸੀ ਵਾਲੀਆਂ ਗਲੀਆਂ ’ਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਰਾਹ ਦਰੁਸਤ ਨਾ ਹੋਣ ਕਰਕੇ ਅੱਜ ਅੰਗਹੀਣ ਬਿਕਰਮਜੀਤ ਸਿੰਘ ਦੀ ਟਰਾਈਸਾਈਕਲ ਪਲਟ ਗਈ ਜਿਸ ਕਾਰਨ ਸੱਟਾਂ ਲੱਗੀਆਂ। ਨਾਅਰੇਬਾਜ਼ੀ ਦੌਰਾਨ ਵਾਰਡ ਵਾਸੀਆਂ ਨੇ ਨਗਰ ਕੌਂਸਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੜਕ ਜਾਮ ਕਰਕੇ ਧਰਨੇ ਲਗਾਉਣਗੇ।