ਲਖਵੀਰ ਸਿੰਘ ਚੀਮਾ
ਟੱਲੇਵਾਲ, 20 ਦਸੰਬਰ
ਖੇਤੀ ਕਾਨੂੰਨਾਂ ਵਿਰੋਧੀ ਚੱਲ ਰਹੇ ਕਿਸਾਨ ਸੰਘਰਸ਼ ਤਹਿਤ ਪਿੰਡ ਭੋਤਨਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਬੀਬੀਆਂ ਵਲੋਂ ਜਾਗੋ ਕੱਢੀ ਗਈ, ਜਿਸ ਵਿੱਚ ਪਿੰਡ ਦੀਆਂ ਵੱਡੀ ਪੱਧਰ ’ਤੇ ਔਰਤਾਂ, ਕਿਸਾਨਾਂ ਅਤੇ ਨੌਜਵਾਨਾਂ ਨੇ ਭਾਗ ਲਿਆ। ਪੂਰੇ ਪਿੰਡ ਵਿੱਚ ਕੱਢੀ ਗਈ ਇਸ ਜਾਗੋ ਰਾਹੀਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਵਿਰੁੱਧ ਜਾਗਦੇ ਰਹੋ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਜੱਥੇਬੰਦੀ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਅਤੇ ਗੁਰਨਾਮ ਸਿੰਘ ਫ਼ੌਜੀ ਨੇ ਦੱਸਿਆ ਕਿ ਜਾਗੋ ਕੱਢ ਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਕਿਸਾਨੀ ਸੰਘਰਸ਼ ’ਚ ਵਧ ਚੜ੍ਹ ਕੇ ਹਿੱਸੇਦਾਰ ਬਨਣ ਦਾ ਸੱਦਾ ਦਿੱਤਾ ਗਿਆ ਹੈ।
ਭੁੱਚੋ ਮੰਡੀ(ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਜ਼ ਮਾਲ ਅੱਗੇ 81ਵੇਂ ਦਿਨ ਵੀ ਮੋਰਚੇ ਜਾਰੀ ਰਹੇ। ਇਸ ਮੌਕੇ ਧਰਨਾਕਾਰੀਆਂ ਨੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸਲਾਮ ਕੀਤਾ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਬੈਸਟ ਪ੍ਰਾਈਸ ਮੋਰਚੇ ਵਿੱਚ ਕਿਸਾਨ ਬੁਲਾਰੇ ਹਰਕੇਵਲ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਜ਼ਰੂਰ ਰੰਗ ਲਿਆਏਗਾ ਕਿਸਾਨਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ।
ਉਗਰਾਹਾਂ ਵੱਲੋਂ ਨਾਅਰੇਬਾਜ਼ੀ
ਸ਼ਹਿਣਾ(ਪ੍ਰਮੋਦ ਕੁਮਾਰ ਸਿੰਗਲਾ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਸ਼ਹਿਣਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਕੇ ਕੀਤਾ ਰੋਸ ਪ੍ਰਗਟ ਕੀਤਾ। ਗੱਲਬਾਤ ਕਰਦਿਆ ਕਿਸਾਨ ਆਗੂ ਭੋਲਾ ਸਿੰਘ ਬਦਰੇ ਵਾਲਾ ਅਤੇ ਭੀਮਾ ਸਿੰਘ ਮੌੜ ਇਕਾਈ ਪ੍ਰੈਸ ਸਕੱਤਰ ਨੇ ਦੱਸਿਆ ਕਿ ਅੱਜ ਸ਼ਹਿਣਾ ਤੋਂ ਦਿੱਲੀ ਮੋਰਚੇ ਲਈ ਜੱਥਾ ਵੀ ਰਵਾਨਾ ਕੀਤਾ ਗਿਆ। ਇਸ ਮੌਕੇ ਗੁਰਤੇਜ ਸਿੰਘ, ਗਗਨਦੀਪ ਸਿੰਘ, ਹੈਪੀ ਸਿੰਘ, ਜੀਤਾ ਸਿੰਘ ਗਿੱਲ, ਭਿੰਦਾ ਸਿੰਘ ਫੌਜੀ, ਜੁਗਰਾਜ ਸਿੰਘ ਨੰਬਰਦਾਰ, ਤੇਜਾ ਸਿੰਘ ਨੰਬਰਦਾਰ, ਨਿੰਮਾ ਸਿੰਘ, ਅਮੀਰਕਾ ਸਿੰਘ ਬੀਕਾ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ ਨਿੱਕਾ ਸਿੰਘ, ਅਮਨ ਸਿੰਘ, ਗੱਗਾ ਸੰਧੂ, ਅਮ੍ਰਿੰਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।