ਪਵਨ ਗੋਇਲ
ਭੁੱਚੋ ਮੰਡੀ, 12 ਫਰਵਰੀ
ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਬੀਤੀ ਰਾਤ ਗਿਆਨੀ ਮਾਰਕੀਟ ਵਿੱਚ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਚੋਣ ਵਾਅਦੇ ਪੂਰੇ ਕਰਨ ਵਿੱਚ ਫੇਲ੍ਹ ਹੋਈ ਹੈ। ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾਈ ਹੋ ਚੁੱਕਾ ਹੈ।
ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਪਾਰਟੀਆਂ ਤੋਂ ਕਿਨਾਰਾ ਕਰਕੇ ਇੱਕ ਵਾਰ ‘ਆਪ’ ਨੂੰ ਮੌਕਾ ਦੇ ਕੇ ਦੇਖਣ, ਦਿੱਲੀ ਵਾਂਗ ਸ਼ਹਿਰ ਦੀ ਕਾਇਆ-ਕਲਪ ਹੀ ਬਦਲ ਜਾਏਗੀ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਸਥਾਨਕ ਚੋਣਾਂ ਦੀ ਵੀਡੀਓਗ੍ਰਾਫ਼ੀ ਕਰਵਾਈ ਜਾਵੇ, ਤਾਂ ਜੋ ਸੱਤਾਧਾਰੀ ਧਿਰ ਚੋਣਾਂ ਵਿੱਚ ਧੱਕੇਸ਼ਾਹੀ ਨਾ ਕਰ ਸਕੇ। ਇਸ ਮੌਕੇ ਸਰਕਲ ਪ੍ਰਧਾਨ ਲਖਵੀਰ ਸਿੰਘ ਰੰਗੀਲਾ, ਗੁਰਜੰਟ ਸਿੰਘ ਸਿਵੀਆਂ ਯਾਦਵਿੰਦਰ ਸ਼ਰਮਾ, ਬਲਦੇਵ ਸਿੰਘ, ਰਾਜੀਵ ਸਿੰਗਲਾ, ਰਕੇਸ਼ ਕੁਮਾਰ ਅਤੇ ਸਾਰੇ ਉਮੀਦਵਾਰ ਹਾਜ਼ਰ ਸਨ।
ਹੱਥ ’ਚ ਝਾੜੂ ਫੜ ਕੇ ਚੋਣ ਪ੍ਰਚਾਰ
ਆਮ ਆਦਮੀ ਪਾਰਟੀ ਦਾ ਸਰਗਰਮ ਵਰਕਰ ਸੁਖਜੀਤ ਸਿੰਘ ਵੱਲੋਂ ਅਨੋਖੇ ਢੰਗ ਨਾਲ ਆਪਣੇ ਪਿੱਛੇ ਦੋ ਝਾੜੂ ਬੰਨ੍ਹ ਕੇ ਅਤੇ ਹੱਥ ਵਿੱਚ ਪਾਰਟੀ ਝੰਡਾ ਫੜ ਕੇ ਸ਼ਹਿਰ ਵਿੱਚ ਖੁੱਲ੍ਹਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਨੌਜਵਾਨ ਹਰ ਚੋਣ ਵਿੱਚ ਆਪਣੀ ਦੁਕਾਨ ਬੰਦ ਕਰਕੇ ਪਾਰਟੀ ਲਈ ਪ੍ਰਚਾਰ ਕਰਦਾ ਹੈ। ਇਹ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੀ ਮੋਟਰਸਾਈਕਲ ’ਤੇ ਜਾ ਕੇ ਪ੍ਰਚਾਰ ਕਰ ਚੁੱਕਾ ਹੈ।