ਜੋਗਿੰਦਰ ਸਿੰਘ ਮਾਨ
ਮਾਨਸਾ, 27 ਅਗਸਤ
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਦਿਵਿਆਂਗ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ, ਉਨ੍ਹਾਂ ਦੇ ਸੁਨਹਿਰੀ ਭਵਿੱਖ ਨੂੰ ਪੱਕੇ ਪੈਰੀਂ ਕਰਨ ਲਈ ਦਿੱਤੀ ਜਾ ਰਹੀ ਕਿੱਤਾ ਸਿਖਲਾਈ ਵਰਦਾਨ ਸਾਬਤ ਹੋਵੇਗੀ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਸੰਜੀਵ ਕੁਮਾਰ ਗੋਇਲ ਨੇ ਮਾਨਸਾ ਵਿੱਚ ਸਮੱਗਰਾ ਸਿੱਖਿਆ ਅਭਿਆਨ ਅਥਾਰਿਟੀ ਤਹਿਤ ਚੱਲ ਰਹੇ ਆਈ.ਈ.ਡੀ./ਆਈ.ਈ.ਡੀ.ਐੱਸ ਕੰਪੋਨੈਂਟ ਦੇ ਵੋਕੇਸ਼ਨਲ ਸੈਂਟਰ ਦਾ ਨਿਰੀਖਣ ਕਰਦਿਆਂ ਕੀਤਾ। ਗੋਇਲ ਨੇ ਕੰਪੋਨੈਂਟ ਦੌਰਾਨ ਦਿੱਤੀ ਜਾ ਰਹੀ ਸਿਖਲਾਈ ’ਤੇ ਤਸੱਲੀ ਪ੍ਰਗਟ ਕਰਦਿਆਂ ਸਬੰਧਤ ਕਰਮਚਾਰੀਆਂ, ਅਧਿਆਪਕਾਂ ਦੀ ਸ਼ਲਾਘਾ ਕੀਤੀ। ਇਥੇ ਜ਼ਿਕਰਯੋਗ ਹੈ ਕਿ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਨਸਾ ਵਿੱਚ ਚੱਲ ਰਹੇ ਕੰਪੋਨੈਂਟ ਦੌਰਾਨ ਦਿਵਿਆਂਗ ਬੱਚਿਆਂ ਨੂੰ ਕੱਚੇ ਮਟੀਰੀਅਲ ਤੋਂ ਡੋਨਾ (ਕਟੋਰੀ) ਅਤੇ ਪੈੱਨ ਬਣਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਮੌਕੇ ਆਈਈ ਵਾਲੰਟੀਅਰ ਸ਼ਮਾ ਦੇਵੀ ਅਤੇ ਮਹਿਲਾ ਸਿੰਘ ਨੇ ਵੀ ਬੱਚਿਆਂ ਦੇ ਇਸ ਪ੍ਰਾਜੈਕਟ ਲਈ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।