ਲਖਵੀਰ ਸਿੰਘ ਚੀਮਾ
ਟੱਲੇਵਾਲ, 3 ਜਨਵਰੀ
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਵਿਰੁੱਧ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦਾ ਸਘਰਸ਼ 39 ਦਿਨਾਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਨਿਰੰਤਰ ਚੱਲ ਰਿਹਾ ਹੈ। ਇਸ ਕਿਸਾਨੀ ਘੋਲ ਰੋਜ਼ਾਨਾ ਕਿਸਾਨੀ ਨਾਲ ਸਬੰਧਤ ਅਨੇਕਾਂ ਨਵੇਂ ਪੱਖ ਸਾਹਮਣੇ ਲਿਆ ਰਿਹਾ ਹੈ। ਸੰਘਰਸ਼ ਨੇ ਆਮ ਲੋਕਾਂ ਨੂੰ ਖਾਸ ਬਣਾਇਆ ਹੈ ਤੇ ਵੀਆਈਪੀ ਲੋਕਾਂ ਨੂੰ ਕਿਸਾਨਾਂ ਦੀ ਸੂਚੀ ਤੋਂ ਵੀ ਬਾਹਰ ਕੱਢਿਆ ਹੈ। ਹਰ ਆਮ ਕਿਸਾਨ ਦੀ ਜੇਬ ’ਤੇ ਲੱਗੇ ਜੱਥੇਬੰਦੀ ਦੇ ਬੈਜ ਤੇ ਹੱਥ ਵਿੱਚ ਫ਼ੜੇ ਕਿਸਾਨੀ ਝੰਡੇ ਨੇ ਉਸਨੂੰ ਖਾਸ ਬਣਾ ਦਿੱਤਾ ਹੈ। ਕਿਸਾਨ ਜੱਥੇਬੰਦੀਆਂ ਦੇ ਬੈਜ ਤੇ ਝੰਡੇ ਕਿਸਾਨਾਂ ਲਈ ਵੀਆਈਪੀ ਪਾਸ ਦੀ ਭੂਮਿਕਾ ਨਿਭਾ ਰਹੇ ਹਨ। ਜਿਸ ਕਰਕੇ ਦਿੱਲੀ ਜਾਣ ਲਈ ਬੱਸ, ਰੇਲ ਦੇ ਸਫ਼ਰ ਦੇ ਨਾਲ ਨਾਲ ਟੌਲ ਪਰਚੀ ਤੋਂ ਕਿਸਾਨਾਂ ਨੂੰ ਛੋਟ ਮਿਲ ਰਹੀ ਹੈ।
ਗੱਡੀ ਰਾਹੀਂ ਦਿੱਲੀ ਜਾਣ ਵਾਲੇ ਭਾਕਿਯੂ ਕਾਦੀਆਂ ਦੇ ਆਗੂ ਜੱਗਾ ਸਿੰਘ ਛੀਨੀਵਾਲ ਨੇ ਦੱਸਿਆ ਕਿ ਪੰਜਾਬ ਦੇ ਟੌਲ ਪਲਾਜ਼ਿਆਂ ’ਤੇ ਜੱਥੇਬੰਦੀਆਂ ਦੇ ਪਹਿਲਾਂ ਹੀ ਧਰਨੇ ਜਾਰੀ ਹਨ। ਹਰਿਆਣਾ ਦੇ ਟੌਲ ਵਾਲੇ ਵੀ ਕਿਸਾਨੀ ਝੰਡੇ ਵਾਲੀਆਂ ਗੱਡੀਆਂ ਨੂੰ ਵੀਆਈਪੀ ਲਾਈਨ ਵਿੱਚ ਦੀ ਰਸਤਾ ਦੇ ਕੇ ਬਿਨਾਂ ਪਰਚੀ ਤੋਂ ਲੰਘਾ ਰਹੇ ਹਨ।
ਭਾਕਿਯੂ ਡਕੌਂਦਾ ਆਗੂ ਹਰਮੰਡਲ ਸਿੰਘ ਜੋਧਪੁਰ ਨੇ ਦੱਸਿਆ ਕਿ ਕਿਸਾਨਾਂ ਦੇ ਟਰੈਕਟਰਾਂ ਨੂੰ ਹਰਿਆਣਾ ਦੇ ਟੌਲ ’ਤੇ ਵੀਆਈਪੀ ਰਸਤੇ ਲੰਘਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਭਾਕਿਯੂ ਉਗਰਾਹਾਂ ਦੇ ਆਗੂ ਦਰਸ਼ਨ ਸਿੰਘ ਨੇ ਦੱਸਿਆ ਕਿ ਕਿਸਾਨੀ ਘੋਲ ਦੌਰਾਨ ਉਹ ਬਰਨਾਲਾ ਤੋਂ ਦਿੱਲੀ ਦਾ ਕਈ ਵਾਰ ਸਫ਼ਰ ਕਰ ਚੁੱਕੇ ਹਨ। ਉਨ੍ਹਾਂ ਕਿਸਾਨ ਜੱਥੇਬੰਦੀ ਦਾ ਬੈਜ ਤੇ ਹੱਥ ਵਿੱਚ ਝੰਡਾ ਹੋਣ ਕਾਰਨ ਬੱਸ ਕਿਰਾਏ ਤੋਂ ਛੋਟ ਮਿਲ ਰਹੀ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਵਰਿੰਦਰ ਆਜ਼ਾਦ ਨੇ ਦੱਸਿਆ ਕਿ ਉਹ ਦਿੱਲੀ ਮੋਰਚੇ ਵਿੱਚ ਰੇਲ ਰਾਹੀਂ ਸਫ਼ਰ ਕਰਕੇ ਸ਼ਾਮਲ ਹੋ ਰਿਹਾ ਹੈ। ਸੂਬੇ ਤੋਂ ਰੋਜ਼ਾਨਾ ਸੈਂਕੜੇ ਕਿਸਾਨ ਰੇਲ ਸਫ਼ਰ ਕਰਕੇ ਦਿੱਲੀ ਜਾ ਰਹੇ ਹਨ। ਜਿਨ੍ਹਾਂ ਦੇ ਹੱਥਾਂ ਵਿੱਚ ਝੰਡੇ ਤੇ ਬੈਜ ਲੱਗੇ ਹੋਣ ਕਾਰਨ ਕਿਰਾਏ ਦੀ ਛੋਟ ਮਿਲ ਰਹੀ ਹੈ।
ਭਾਕਿਯੂ ਕਾਦੀਆਂ ਦੇ ਆਗੂ ਸਿਕੰਦਰ ਸਿੰਘ ਮਾਨ ਨੇ ਕਿਹਾ ਕਿ ਬੱਸ, ਰੇਲ ਸਫ਼ਰ ਦੀਆਂ ਮੁਫ਼ਤ ਸਹੂਲਤਾਂ ਸਿਰਫ਼ ਵੀਆਈਪੀ ਲੋਕਾਂ ਹੀ ਚੱਲੀਆਂ ਆ ਰਹੀਆਂ ਹਨ ਪਰ ਹੁਣ ਦੌਰ ਵੀਆਈਪੀ ਲੋਕਾਂ ਦੀ ਥਾਂ ਕਿਸਾਨਾਂ ਦਾ ਹੈ। ਅਜਿਹਾ ਤਾਂ ਹੀ ਸੰਭਵ ਹੋ ਸਕਿਆ ਹੈ ਕਿ ਲੋਕ ਆਪਣੇ ਹੱਕਾਂ ਲਈ ਇਕਜੁੱਟ ਹੋਏ ਹਨ।