ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 9 ਫਰਵਰੀ
ਨਗਰ ਕੌਂਸਲ ਚੋਣਾਂ ’ਚ ਖੜ੍ਹੇ ਉਮੀਦਵਾਰਾਂ ਵੱਲੋਂ ਪ੍ਰਸ਼ਾਸਨਿਕ ਹਦਾਇਤਾਂ ਨੂੰ ਅਣਗੌਲਿਆ ਕਰਦਿਆਂ ਸਰਕਾਰੀ ਤੇ ਨਿੱਜੀ ਇਮਾਰਤਾਂ ਉੱਪਰ ਧੜਾ-ਧੜ ਪੋਸਟਰ ਲਾਏ ਜਾ ਰਹੇ ਹਨ। ਸਿੱਤਮ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਅੱਖਾਂ ਮੀਚ ਕੇ ਬੈਠਾ ਹੈ।
ਅਬੋਹਰ ਰੋਡ ਵਾਲੀ ਸ਼ਰਨ ਕਟਾਰੀਆ ਨੇ ਕਿਹਾ ਕਿ ਉਹ ਜਦੋਂ ਸਵੇਰੇ ਉਠਦੇ ਹਨ ਤਾਂ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ਤੇ ਬੂਹੇ-ਬਾਰੀਆਂ ਪੋਸਟਰਾਂ ਨਾਲ ਭਰੀਆਂ ਪਈਆਂ ਹੁੰਦੀਆਂ ਹਨ। ਇਹ ਕੰਮ ਰਾਤ ਨੂੰ ਕੀਤਾ ਜਾਂਦਾ ਹੈ। ਇਸ ਨਾਲ ਇਮਾਰਤਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਰੰਗ ਰੋਗਨ ਕਰਾਉਣ ਉੱਪਰ ਕੀਤਾ ਖਰਚਾ ਬੇਕਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਸਰਕਾਰੀ ਇਮਾਰਤਾਂ, ਬਿਜਲੀ ਦੇ ਬਕਸਿਆਂ, ਖੰਭਿਆਂ ਨੂੰ ਨਹੀਂ ਬਖਸ਼ਿਆ ਜਾ ਰਿਹਾ ਹੈ। ਲੋਕਾਂ ਦੀ ਮੰਗ ਹੈ ਬਿਨਾਂ ਇਜਾਜ਼ਤ ਲਏ ਪੋਸਟਰ ਲਾਉਣ ਵਾਲਿਆਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦੀ ਉਮੀਦਵਾਰੀ ਰੱਦ ਕੀਤੀ ਜਾਵੇ। ਇਸ ਦੌਰਾਨ ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਬਿਨਾਂ ਇਜਾਜ਼ਤ ਪੋਸਟਰ ਲਾਉਣਾ ਗਲਤ ਹੈ। ਉਹ ਇਸ ਸਬੰਧੀ ਚੋਣ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਹਦਾਇਤ ਜਾਰੀ ਕਰਨਗੇੇ।