ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 18 ਫਰਵਰੀ
ਚੋਣ ਪ੍ਰਚਾਰ ਦੇ ਆਖਰੀ ਦਿਨ ਉਮੀਦਵਾਰਾਂ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਆਪੋ-ਆਪਣੀ ਜਿੱਤ ਦੇ ਦਾਅਵੇ ਕੀਤੇ| ਬਹੁਤੇ ਉਮੀਦਵਾਰਾਂ ਨੇ ਸੈਂਕੜੇ ਵਾਹਨਾਂ, ਕੰਨ ਪਾੜਵੇਂ ਸਪੀਕਰਾਂ ਨਾਲ ਰੋਡ ਸ਼ੋਅ ਕਰਦਿਆਂ ਘੰਟਿਆਂ ਬੱਧੀ ਆਵਾਜਾਈ ਠੱਪ ਕੀਤੀ ਜਿਸ ਨਾਲ ਰਾਹਗੀਰ ਬਹੁਤ ਪ੍ਰੇਸ਼ਾਨ ਹੋਏ| ਕਰੋਨਾ ਨੇਮ ਦੀ ਵੀ ਉਲੰਘਣਾ ਕੀਤੀ ਗਈ। ਵੋਟਰਾਂ ਦਾ ਧਿਆਨ ਖਿੱਚਣ ਲਈ ਕੱਟ ਆਊਟ, ਢੋਲ, ਭੰਗੜਾ, ਗਿੱਧਾ, ਬੋਲੀਆਂ, ਜਾਗੋ, ਝਾਕੀਆਂ, ਝੰਡੇ, ਪੋਸਟਰ, ਬੈਨਰ, ਨਾਅਰਿਆਂ ਦੀ ਭਰਮਾਰ ਰਹੀ। ਭਾਜਪਾ ਉਮੀਦਵਾਰ ਰਾਜੇਸ਼ ਕੁਮਾਰ ਗੋਰਾ ਵਲੋਂ ਰੋਡ ਸ਼ੋਅ ਕੀਤਾ ਗਿਆ ਜਿਸ ਵਿਚ ਗਰੇਟ ਖਲੀ ਸ਼ਾਮਲ ਹੋਏ। ਕਾਂਗਰਸੀ ਉਮੀਦਵਾਰ ਕਰਨ ਕੌਰ ਬਰਾੜ ਨੇ ਨਗਰ ਕੌਂਸਲ ਪ੍ਰਧਾਨ ਸ਼ਮ੍ਹੀ ਤੇਹਰੀਆ ਸਣੇ ਵੱਡੀ ਗਿਣਤੀ ਕੌਂਸਲਰਾਂ ਤੇ ਸਰਪੰਚਾਂ ਨਾਲ ਰੋਡ ਸ਼ੋਅ ਕੀਤਾ| ਆਪ ਆਗੂ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਸੈਂਕੜੇ ਗੱਡੀਆਂ, ਮੋਟਰ ਸਾਈਕਲਾਂ ਦੇ ਕਾਫਲੇ ਨਾਲ ਮੁਕਤਸਰ ਦੇ ਬਜ਼ਾਰ ਵਿੱਚ ਰੋਡ ਸ਼ੋਅ ਕੀਤਾ ਗਿਆ| ਅਕਾਲੀ ਆਗੂ ਰੋਜ਼ੀ ਬਰਕੰਦੀ ਦੇ ਹੱਕ ਵਿੱਚ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਹਿਰੂ ਚੌਂਕ ਵਿਖੇ ਇਕ ਚੋਣ ਜਲਸੇ ਨੂੰ ਸੰਬੋਧਨ ਕੀਤਾ ਅਤੇ ਦਾਅਵਾ ਕੀਤਾ ਕਿ ਅਕਾਲੀ ਦਲ ਪੂਰਨ ਬਹੁਮਤ ਨਾਲ ਸਰਕਾਰ ਬਣਾਵੇਗਾ|